Friday, November 22, 2024
 

ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ 'ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਦਾ ਰੋਹ ਭੜਕਾਉਣਾ ਬੰਦ ਕਰੋ'

November 09, 2020 08:13 PM

ਚੰਡੀਗੜ੍ਹ: ਸੂਬੇ ਵਿਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫ਼ਰ ਗੱਡੀਆਂ ਨਾਲ ਜੋੜਨ ਵਾਲੇ ਰੇਲਵੇ ਦੇ ਫ਼ੈਸਲੇ ਨੂੰ ਪੂਰਨ ਤੌਰ 'ਤੇ ਅਣਉਚਿਤ ਤੇ ਤਰਕਹੀਣ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਰੇਲਵੇ ਦੇ ਇਸ ਫ਼ੈਸਲੇ ਦੀ ਪ੍ਰੋੜਤਾ ਕਰ ਕੇ ਕਿਸਾਨਾਂ ਦੇ ਰੋਹ ਨੂੰ ਹੋਰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅਪਣੇ ਨਾਗਰਿਕਾਂ ਪ੍ਰਤੀ ਭਾਜਪਾ ਨਾਲੋਂ ਵੱਧ ਸੰਜੀਦਗੀ ਦਿਖਾਈ ਹੈ।
ਭਾਜਪਾ ਸੂਬਾਈ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੇਂਦਰ ਦੀ ਬਾਂਹ ਮਰੋੜਨ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ ਹੀ ਹੈ ਜਿਹੜੀ ਇਸ ਮਾਮਲੇ ਉਤੇ ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਸਵਾਲ ਕਰਨ ਅਤੇ ਕੇਂਦਰ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਲਈ ਸੂਬਾ ਸਰਕਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬਜਾਏ ਭਾਜਪਾ ਆਗੂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਭਲੇ ਦੀ ਕੀਮਤ 'ਤੇ ਨਿਰੰਤਰ ਗੰਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ, ''ਸੱਭ ਤੋਂ ਮਾੜੀ ਗੱਲ ਇਹ ਹੈ ਕਿ ਭਾਜਪਾ ਨੂੰ ਲੱਦਾਖ ਅਤੇ ਕਸ਼ਮੀਰ ਵਿਖੇ ਤਾਇਨਾਤ ਸਾਡੇ ਸੈਨਿਕਾਂ ਬਾਰੇ ਵੀ ਚਿੰਤਾ ਨਹੀਂ ਹੈ ਜਿਹੜੇ ਬਰਫ਼ਬਾਰੀ ਦੇ ਸੀਜ਼ਨ ਤੋਂ ਪਹਿਲਾਂ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਰਦੀ ਦੇ ਮਹੀਨਿਆਂ ਦੌਰਾਨ ਉਹ ਦੇਸ਼ ਦੇ ਬਾਕੀ ਹਿੱਸਿਆਂ ਨਾਲ ਟੁੱਟੇ ਹੋਏ ਹਨ।''
ਸ਼ਰਮਾ ਵਲੋਂ ਲਾਏ ਦੋਸ਼ਾਂ, ਕਿ ਸੂਬਾ ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਰੇਲ ਸੇਵਾਵਾਂ ਰੋਕਣ ਤੋਂ ਹਟਾਉਣ ਵਿਚ ਅਸਫ਼ਲ ਰਹੀ, ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਉਨ੍ਹਾਂ ਦੀ ਹੀ ਸਰਕਾਰ ਹੈ ਜਿਸ ਨੇ ਜ਼ਰੂਰੀ ਸਪਲਾਈ ਨੂੰ ਲਿਜਾਣ ਲਈ ਕਿਸਾਨਾਂ ਨੂੰ ਰੋਕਾਂ ਹਟਾਉਣ ਲਈ ਮਨਾਇਆ ਹੈ। ਇਥੋਂ ਤਕ ਕਿ ਉਨ੍ਹਾਂ ਦੇ ਕਈ ਮੰਤਰੀ ਕਿਸਾਨ ਯੂਨੀਅਨਾਂ ਨੂੰ ਪੂਰਨ ਨਾਕਾਬੰਦੀ ਹਟਾਉਣ ਲਈ ਮਨਾਉਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕਰਨਾ ਉਨ੍ਹਾਂ ਦੀ ਸਰਕਾਰ ਦੇ ਹਿੱਤ ਵਿਚ ਹੈ ਕਿਉਂਕਿ ਉਹ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਯਾਤਰੀ ਗੱਡੀਆਂ ਨਾਲ ਜੋੜਨਾ ਬਿਲਕੁਲ ਤਰਕ ਨਹੀਂ ਰੱਖਦਾ ਜਿਸ ਬਾਰੇ ਕਿ ਰੇਲਵੇ ਵਲੋਂ ਮਾਲ ਗੱਡੀਆਂ ਦੀ ਸੇਵਾਵਾਂ ਨਿਰੰਤਰ ਬੰਦ ਰੱਖਣ ਦਾ ਬਹਾਨਾ ਘੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਉਣ ਵਾਲੇ ਮੁਸਾਫ਼ਰ ਅਸਾਨੀ ਨਾਲ ਸੂਬੇ ਦੇ ਨੇੜਲੇ ਸਟੇਸ਼ਨਾਂ ਜਿਵੇਂ ਕਿ ਚੰਡੀਗੜ੍ਹ ਅਤੇ ਹਰਿਆਣਾ ਵਿਚ ਅੰਬਾਲਾ ਵਿਖੇ ਆ ਸਕਦੇ ਹਨ ਜਿਥੋਂ ਉਹ ਸੜਕ ਰਸਤੇ ਰਾਹੀਂ ਆਪਣੇ ਪਹੁੰਚ ਸਥਾਨਾਂ 'ਤੇ ਸੁਖਾਲਿਆ ਜਾ ਸਕਦੇ ਹਨ ਜਿਥੋਂ ਕੁਝ ਘੰਟਿਆਂ ਦਾ ਹੀ ਰਸਤਾ ਬਣਦਾ ਹੈ। 

 

Have something to say? Post your comment

 
 
 
 
 
Subscribe