ਚੰਡੀਗੜ੍ਹ : ਸਕੂਲ ਸਿਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਕੂਲ ਸਿਖਿਆ ਵਿਭਾਗ ਵਿਚ ਤਰਸ ਦੇ ਆਧਾਰ 'ਤੇ ਵੱਖ-ਵੱਖ ਅਸਾਮੀਆਂ 'ਤੇ ਨਿਯੁਕਤ ਕੀਤੇ ਗਏ 83 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ 2 ਮਾਸਟਰ ਕਾਡਰ ਅਤੇ 2 ਈਟੀਟੀ ਅਧਿਆਪਕਾਂ, 1 ਲਾਇਬ੍ਰੇਰੀ ਰੀਸਟੋਰਟਰ, 9 ਕਲਰਕਾਂ ਅਤੇ 69 ਦਰਜਾ-4 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਕੈਬਨਿਟ ਮੰਤਰੀ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਮ੍ਰਿਤਕ ਕਰਮਚਾਰੀਆਂ ਦੇ ਪਰਵਾਰਕ ਮੈਂਬਰਾਂ ਦੀਆਂ ਅਰਜ਼ੀਆਂ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਅਤੇ ਭਰਤੀ ਦੀ ਸਾਰੀ ਪ੍ਰਕਿਰਿਆ ਆਨਲਾਈਨ ਮੁਕੰਮਲ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਪਰਵਾਰਾਂ ਤੋਂ ਅਰਜ਼ੀਆਂ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ-ਅੰਦਰ 106 ਮਾਮਲਿਆਂ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਬਾਕੀ ਮਾਮਲਿਆਂ ਵਿਚ ਨਿਯੁਕਤੀ ਪੱਤਰ ਜਲਦੀ ਭੇਜ ਦਿਤੇ ਜਾਣਗੇ। ਉਨ੍ਹਾਂ ਦਸਿਆ ਕਿ ਕੁੱਲ 106 ਵਿਚੋਂ 3 ਮਾਸਟਰ ਕੇਡਰ, 2 ਈਟੀਟੀ ਅਧਿਆਪਕਾਂ, 12 ਕਲਰਕਾਂ, 1 ਲਾਇਬ੍ਰੇਰੀ ਰੀਸਟੋਰਰ ਅਤੇ 88 ਦਰਜ਼ਾ-4 ਦੀਆਂ ਅਸਾਮੀਆਂ ਸਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ।