ਨਵੀਂ ਦਿੱਲੀ, (ਏਜੰਸੀ): ਪੀਐਨਬੀ ਘਪਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ ਇਕ ਦਰਜਨ ਦੇ ਕਰੀਬ ਲਗ਼ਜ਼ਰੀ ਕਾਰਾਂ ਦੀ ਨੀਲਾਮੀ 3.29 ਕਰੋੜ ਰੁਪਏ ਵਿਚ ਕੀਤੀ ਗਈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕਾਨੂੰਨ ਤਹਿਤ ਇਨ੍ਹਾਂ ਗੱਡੀਆਂ ਨੂੰ ਕੁਰਕ ਕੀਤਾ ਸੀ। ਈਡੀ ਨੇ ਮੁੰਬਈ ਵਿਚ ਮਨੀ ਲਾਂਡਰਿੰਗ ਵਿਸ਼ੇਸ਼ ਅਦਾਲਤ ਤੋਂ ਮਾਰਚ ਵਿਚ ਹੀ ਦੋਹਾਂ ਦੀਆਂ 13 ਕਾਰਾਂ ਦੀ ਨਿਲਾਮੀ ਦੀ ਮਨਜ਼ੂਰੀ ਲੈ ਲਈ ਸੀ। ਡਾਇਰੈਕਟੋਰੇਟ ਦੋਹਾਂ ਵਿਰੁਧ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਇਕ ਬਿਆਨ ਅਨੁਸਾਰ ਮੈਟਲ ਸਕ੍ਰੈਪ ਟ੍ਰੇਡ ਕਾਰਪੋਰੇਸ਼ਨ ਨੇ 25 ਅਪ੍ਰੈਲ ਨੂੰ ਇਨ੍ਹਾਂ ਕਾਰਾਂ ਦੀ ਈ-ਨਿਲਾਮੀ ਕੀਤੀ। ਕੁਲ 13 ਕਾਰਾਂ ਵਿਚ 11 ਮੋਦੀ ਅਤੇ ਦੋ ਚੌਕਸੀ ਦੀਆਂ ਹਨ। ਇਨ੍ਹਾਂ ਵਿਚ ਕੁਲ 12 ਕਾਰਾਂ ਲਈ 3, 28, 94, 293 ਕਰੋੜ ਰੁਪਏ ਦੀ ਬੋਲੀ ਸਫ਼ਲ ਰਹੀ। ਨੀਲਾਮ ਹੋਣ ਵਾਲੀਆਂ 12 ਕਾਰਾਂ ਵਿਚੋਂ 10 ਮੋਦੀ ਅਤੇ ਦੋ ਚੌਕਸੀ ਦੀਆਂ ਹਨ।
ਇਸ ਤੋਂ ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਮੋਦੀ ਦੀ ਮਲਕੀਅਤ ਵਾਲੀਆਂ ਕਈ ਪੇਂਟਿੰਗ ਅਤੇ ਕਲਾਕ੍ਰਿਤੀਆਂ ਦੀ ਨੀਲਾਮੀ ਕਰ ਕੇ 59.37 ਕਰੋੜ ਰੁਪਏ ਇਕੱਠੇ ਕੀਤੇ ਸਨ। ਜ਼ਿਕਰਯੋਗ ਹੈ ਕਿ ਹੀਰਾ ਕਾਰੋਬਾਰੀ ਮੋਦੀ ਨੇ ਲੋਨ ਜ਼ਰੀਏ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਨੂੰ ਅੰਜਾਮ ਦਿਤਾ ਸੀ। ਮੋਦੀ ਨੂੰ ਹਾਲ ਹੀ ਵਿਚ ਲੰਡਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।