Friday, November 22, 2024
 

ਪੰਜਾਬ

ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ

November 05, 2020 09:09 AM

ਪਟਿਆਲਾ : ਪੁਲਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇਕ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਹ ਖ਼ੁਲਾਸਾ ਕਰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 5 ਲੱਖ 47 ਹਜ਼ਾਰ, 400 ਰੁਪਏ ਦੇ ਜਾਅਲੀ ਨੋਟ ਅਤੇ ਇਹ ਨੋਟ ਤਿਆਰ ਕਰਨ ਵਾਲਾ ਸਾਜੋ-ਸਾਮਾਨ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ’ਚ ਸਤਨਾਮ ਸਿੰਘ ਰਿੰਕੂ ਵਾਸੀ ਸੀਸ ਮਹਿਲ ਕਾਲੋਨੀ, ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਖਰਾਮ ਕਾਲੋਨੀ ਅਲੀਪੁਰ ਰੋਡ, ਤਰਸੇਮ ਲਾਲ ਪੁੱਤਰ ਮੋਤੀ ਲਾਲ ਵਾਸੀ ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ, ਗੁਰਜੀਤ ਸਿੰਘ ਜੀਤੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਘਰਾਚੋ ਹਮੀਰ ਪੱਤੀ ਥਾਣਾ ਭਵਾਨੀਗੜ੍ਹ, ਯਸ਼ਪਾਲ ਪੁੱਤਰ ਸ਼ਾਮ ਲਾਲ ਵਾਸੀ ਸਿਨੇਮਾ ਚੌਂਕ ਸਮਾਣਾ, ਅਮਿਤ ਕੁਮਾਰ ਉਰਫ਼ ਅਮਨ ਪੁੱਤਰ ਮਨੋਹਰ ਲਾਲ ਵਾਸੀ ਟੈਲੀਫੋਨ ਕਾਲੋਨੀ ਨੇੜੇ ਸਰਾਂਪੱਤੀ ਚੌਂਕ ਸਮਾਣਾ ਅਤੇ ਇਸ਼ਾਕ ਉਰਫ਼ ਭੂਰਾ ਪੁੱਤਰ ਅੱਲਾਦੀਆ ਵਾਸੀ ਸਿੱਧੂਵਾਲ ਪਟਿਆਲਾ ਸ਼ਾਮਲ ਹਨ।

ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਵਿਖੇ 489-ਏ, 489-ਬੀ, 489-ਸੀ, 489-ਡੀ, 420, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੈੱਸ. ਐੱਸ. ਪੀ. ਦੁੱਗਲ ਨੇ ਦੱਸਿਆ ਕਿ ਇਨ੍ਹਾਂ ’ਚੋਂ ਸਤਨਾਮ ਸਿੰਘ ਰਿੰਕੂ, ਗੁਰਦੀਪ ਸਿੰਘ, ਗੁਰਜੀਤ ਸਿੰਘ ਜੀਤੀ, ਯਸ਼ਪਾਲ, ਅਮਿਤ ਕੁਮਾਰ ਅਮਨ ਤੇ ਇਸ਼ਾਕ ਭੂਰਾ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਜਾਅਲੀ ਕਰੰਸੀ ਦੇ 2, 93, 000 ਰੁਪਏ, 2, 16, 000 ਰੁਪਏ ਇਕ ਪਾਸੇ ਛਪੇ ਹੋਏ, 38, 400 ਰੁਪਏ ਦੋਵੇਂ ਪਾਸੇ ਛਪੇ ਨੋਟ (ਨੋਟਾਂ ਦੀ ਕਟਿੰਗ ਬਾਕੀ) ਕੁੱਲ ਰਕਮ 5, 47, 400 ਰੁਪਏ, ਕੰਪਿਊਟਰ, ਸੀ. ਪੀ. ਯੂ., ਮਾਊਸ, ਕੀ-ਬੋਰਡ, ਯੂ. ਪੀ. ਐੱਸ, 3 ਪ੍ਰਿੰਟਰ ਅਤੇ ਲੈਮੀਨੇਟਰ ਬਰਾਮਦ ਕਰਵਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ 3 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਇਨਕਲੇਵ ਮਕਾਨ ਨੰਬਰ 1, ਪਿੰਡ ਨਸੀਰਪੁਰ ਵਿਖੇ ਗੁਰਦੀਪ ਸਿੰਘ, ਸਤਨਾਮ ਸਿੰਘ, ਤਰਸੇਮ ਲਾਲ, ਗੁਰਜੀਤ ਸਿੰਘ, ਯਸ਼ਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਜਾਅਲੀ ਕਰੰਸੀ ਤਿਆਰ ਕਰ ਕੇ ਇਸ ਨੂੰ ਅਸਲ ਕਰੰਸੀ ਦੱਸ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਦੇਹੀ ਨਾਲ ਬਾਜ਼ਾਰ ’ਚ ਚਲਾਉਂਦੇ ਹਨ। ਇਹ ਭੋਲੇ-ਭਾਲੇ ਲੋਕਾਂ ਨੂੰ ਲਾਲਚ ’ਚ ਫਸਾ ਕੇ ਉਨ੍ਹਾਂ ਨੂੰ ਜਾਅਲੀ ਕਰੰਸੀ ਵੇਚਣ ਦੀ ਫਿਰਾਕ ’ਚ ਰਹਿੰਦੇ ਹਨ। ਇਸ ਸੂਚਨਾ ਦੇ ਆਧਾਰ ’ਤੇ ਐੱਸ. ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ ਦੀ ਨਿਗਰਾਨੀ ਹੇਠ ਇੰਚਾਰਜ ਪੀ. ਓ. ਸਟਾਫ਼ ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ ਸਹਾਇਕ ਥਾਣੇਦਾਰ ਪਵਨ ਕੁਮਾਰ ਤੇ ਪੁਲਸ ਪਾਰਟੀ ਨੇ ਫੌਰੀ ਕਾਰਵਾਈ ਕੀਤੀ।

ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਆਪਣਾ 2000 ਰੁਪਏ ਦਾ ਨੰਬਰੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਆਮ ਕੱਪੜੇ ਪੁਆ ਕੇ ਡੰਮੀ ਗਾਹਕ ਬਣਾ ਕੇ ਉਕਤ ਟਿਕਾਣੇ ’ਤੇ ਭੇਜਿਆ। ਉਕਤ ਦੋਸ਼ੀ ਗੁਰਦੀਪ ਸਿੰਘ ਨੇ ਨੰਬਰੀ ਨੋਟ ਅਸਲ ਕਰੰਸੀ 2000 ਰੁਪਏ ਲੈ ਕੇ 4000 ਰੁਪਏ ਦੇ ਜਾਅਲੀ ਕਰੰਸੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਦੇ ਦਿੱਤੇ। ਇਸ ਮਗਰੋਂ ਪੁਲਸ ਨੇ ਉਕਤ ਮਕਾਨ ’ਤੇ ਤੁਰੰਤ ਛਾਪੇਮਾਰੀ ਕੀਤੀ, ਜਿੱਥੇ ਗੁਰਦੀਪ ਸਿੰਘ ਕੰਪਿਊਟਰ ਤੇ ਜਾਅਲੀ ਕਰੰਸੀ ਛਾਪ ਕੇ ਪ੍ਰਿੰਟਰ ਰਾਹੀਂ ਕੱਢ ਕੇ ਗੁਰਜੀਤ ਸਿੰਘ ਜੀਤੀ ਨੂੰ ਫੜ੍ਹਾ ਰਿਹਾ ਸੀ। ਸਤਨਾਮ ਸਿੰਘ ਰਿੰਕੂ ਕਟਰ ਨਾਲ ਨੋਟਾਂ ਦੀ ਕਟਿੰਗ ਕਰ ਰਿਹਾ ਸੀ। ਯਸ਼ਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਲੌਬੀ ’ਚ ਬੈਠੇ ਜਾਅਲੀ ਕਰੰਸੀ ਦੇ ਨੋਟਾਂ ਦੀ ਗਿਣਤੀ ਕਰ ਰਹੇ ਸਨ। ਇਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਉਨ੍ਹਾਂ ਦਾ ਇੱਕ ਸਾਥੀ ਤਰਸੇਮ ਲਾਲ ਮੌਕਾ ਪਾ ਕੇ ਪਿਛਲੇ ਦਰਵਾਜ਼ੇ ਤੋਂ ਫਰਾਰ ਹੋ ਗਿਆ।
3 ਮੁਲਜ਼ਮ 6 ਮਹੀਨੇ ਪਹਿਲਾਂ ਹੀ ਜੇਲ੍ਹ ’ਚੋਂ ਆਏ ਸਨ ਬਾਹਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਤਰਸੇਮ ਲਾਲ, ਗੁਰਦੀਪ ਸਿੰਘ ਤੇ ਸਤਨਾਮ ਸਿੰਘ ਵਿਰੁੱਧ ਪਹਿਲਾ ਵੀ ਮੁਕੱਦਮੇ ਦਰਜ ਹਨ। ਸਾਲ 2019 ’ਚ ਇਹ ਤਿੰਨੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਸਨ, ਜਿੱਥੇ ਇਨ੍ਹਾਂ ਦੀ ਆਪਸ ’ਚ ਮੁਲਾਕਾਤ ਹੋਈ। ਜੇਲ੍ਹ ’ਚੋਂ ਬਾਹਰ ਆ ਕੇ ਜਾਅਲੀ ਕਰੰਸੀ ਬਣਾ ਕੇ ਚਲਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕਰ ਕੇ ਪਿਛਲੇ ਘਾਟੇ ਪੂਰੇ ਕਰਨ ਦੀ ਤਰਕੀਬ ਬਣਾਈ। ਹੁਣ ਜਦੋਂ ਉਹ ਪਿਛਲੇ ਕਰੀਬ 6 ਮਹੀਨੇ ਪਹਿਲਾਂ ਜ਼ਮਾਨਤ ਹੋਣ ’ਤੇ ਜੇਲ੍ਹ ’ਚੋਂ ਬਾਹਰ ਆਏ ਤਾਂ ਤਾਲਾਬੰਦੀ ਖਤਮ ਹੋਣ ਮਗਰੋਂ ਕਰੀਬ 2 ਮਹੀਨੇ ਪਹਿਲਾਂ ਇਨ੍ਹਾਂ ਨੇ ਇਹ ਮਕਾਨ ਕਿਰਾਏ ’ਤੇ ਲੈ ਕੇ ਜਾਅਲੀ ਕਰੰਸੀ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਲਿਆ।
2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਜਾਅਲੀ ਕਰੰਸੀ ਅੱਗੇ ਬਾਜ਼ਾਰ ’ਚ ਦੁਕਾਨਦਾਰਾਂ ਨੂੰ ਚਲਾਉਣ ਅਤੇ ਭੋਲੇ-ਭਾਲੇ ਲੋਕਾਂ ਨੂੰ ਅਸਲ ਦੱਸ ਕੇ ਦੇਣ ਲਈ ਗਿਰੋਹ ਦੇ ਮੈਂਬਰਾਂ ਯਸ਼ਪਾਲ, ਅਮਿਤ ਕੁਮਾਰ ਅਮਨ ਅਤੇ ਇਸ਼ਾਕ ਭੂਰਾ ਨੂੰ ਵਰਤਿਆ। ਹੁਣ ਇਹ ਜਾਅਲੀ ਕਰੰਸੀ ਆਪਣੇ ਪੱਕੇ ਬੰਦਿਆਂ ਰਾਹੀਂ ਵੇਚਣ ਦੀ ਤਿਆਰੀ ਕਰ ਰਹੇ ਸਨ। ਗੁਰਦੀਪ ਸਿੰਘ ਤੇ ਸਤਨਾਮ ਸਿੰਘ ਰਿੰਕੂ ਦੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਖ਼ਿਲਾਫ਼ ਥਾਣਾ ਘੱਗਾ ਵਿਖੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ। ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe