Friday, November 22, 2024
 

ਪੰਜਾਬ

ਖਿਆਲੀ ਪੁਲਾਉ ਪੁਕਾਉਣੇ ਬੰਦ ਕਰੋ, ਤੁਸੀਂ ਸੱਤਾ ਵਿੱਚ ਨਹੀਂ ਆਉਣ ਵਾਲੇ- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ

November 03, 2020 07:47 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਧਰਮਸੋਤ ਖਿਲਾਫ ਲਾਏ ਦੋਸ਼ ਬੇਬੁਨਿਆਦ ਕਰਾਰ, ਬੇਕਸੂਰ ਪੰਜਾਬੀਆਂ ਨੂੰ ਜੇਲ੍ਹ 'ਚ ਸੁੱਟਣ ਵਾਲੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ
ਚੰਡੀਗੜ੍ਹ : ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਦਿੱਤੀ ਧਮਕੀ ਦੀ ਖਿੱਲੀ ਉਡਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਕਾਲੀ ਲੀਡਰ ਨੂੰ ਦਿਨ ਦਿਹਾੜੇ ਸੁਪਨੇ ਨਾ ਵੇਖਣ ਲਈ ਆਖਿਆ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਛੇਤੀ ਕੀਤਿਆਂ ਸੂਬੇ ਦੀ ਸੱਤਾ 'ਚ ਨਹੀਂ ਆਉਣ ਵਾਲੀ।
ਸੁਖਬੀਰ ਬਾਦਲ ਵੱਲੋਂ ਧਰਮਸੋਤ ਨੂੰ ਦਿੱਤੀ ਧਮਕੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ, ''ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣ ਬਾਰੇ ਤੁਹਾਡੇ ਸੁਪਨੇ ਕਦੀ ਵੀ ਸਾਕਾਰ ਨਹੀਂ ਹੋਣਗੇ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਤੁਹਾਡੇ ਵੱਲੋਂ ਕੀਤੀਆਂ ਵਧੀਕੀਆਂ ਨੂੰ ਅਜੇ ਤੱਕ ਭੁੱਲੇ ਨਹੀਂ ਹਨ।''
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਨ੍ਹਾਂ ਉੱਪਰ ਕੈਬਨਿਟ ਮੰਤਰੀ ਨੂੰ ਬਚਾਉਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਜਿਹੇ ਬੇਸ਼ਰਮੀ ਭਰੇ ਝੂਠਾਂ ਅਤੇ ਬੇਬੁਨਿਆਦ ਦਾਅਵਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਸੂਬੇ ਦੇ ਲੋਕ ਤੁਹਾਡੇ ਬੇਸਿਰ-ਪੈਰ ਦੋਸ਼ਾਂ ਦੇ ਜਾਲ ਵਿੱਚ ਨਹੀਂ ਫਸਣ ਵਾਲੇ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਦਿੱਤੀ ਧਮਕੀ ਨੂੰ ਬਦਲਾਖੋਰੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਉਹੀ ਮਾਨਸਿਕਤਾ ਹੈ ਜਿਨ੍ਹਾਂ ਨੇ ਅਕਾਲੀ-ਭਾਜਪਾ ਦੇ ਸਾਸ਼ਨਕਾਲ ਦੌਰਾਨ ਹਜ਼ਾਰਾਂ ਬੇਕਸੂਰ ਪੰਜਾਬੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜੇ ਵੀ ਬਾਦਲਾਂ ਦੀ ਬਦਲਾਖੋਰੀ ਦੇ ਸਤਾਏ ਹੋਏ ਪੀੜਤਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਧਰਮਸੋਤ ਦਾ ਸਬੰਧ ਹੈ, ਅਸਲ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਗਬਨ ਦਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਤਿੰਨ ਵਧੀਕ ਮੁੱਖ ਸਕੱਤਰਾਂ ਦੀ ਇਕ ਕਮੇਟੀ ਵੱਲੋਂ ਵਜ਼ੀਫਾ ਘੁਟਾਲੇ ਦੇ ਦੋਸ਼ਾਂ ਦੀ ਵਿਸਥਾਰਤ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਸਕੱਤਰ ਨੇ ਵੀ ਜਾਂਚ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਖਰ ਵਿੱਚ ਉਨ੍ਹਾਂ ਨੇ ਖੁਦ ਵੀ ਸਮੁੱਚੇ ਤੱਥਾਂ ਦੀ ਜਾਂਚ ਕੀਤੀ ਅਤੇ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਸੁਖਬੀਰ ਇਸ ਮੁੱਦੇ 'ਤੇ ਕਾਵਾਂਰੌਲੀ ਪਾ ਕੇ ਝੂਠ ਨੂੰ ਸੱਚ ਵਿੱਚ ਨਹੀਂ ਬਦਲ ਸਕਦਾ।
ਕੋਰੇ ਝੂਠ ਫੈਲਾਉਣ ਲਈ ਸੁਖਬੀਰ ਬਾਦਲ ਨੂੰ ਫਿਟਕਾਰ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਵੱਲੋਂ ਦਲਿਤ ਵਿਦਿਆਰਥੀਆਂ ਨਾਲ ਅਨਿਆਂ ਦੀ ਗੱਲ ਕਰਨਾ ਨਿਰੀ ਪਾਖੰਡਬਾਜ਼ੀ ਹੈ ਜਦਕਿ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਭਾਈਵਾਲ ਸਨ, ਨੇ ਪੋਸਟ ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਸਕੀਮ ਇਕਦਮ ਖਤਮ ਕਰ ਕੇ ਇਨ੍ਹਾਂ ਵਿਦਿਆਰਥੀਆਂ ਨਾਲ ਘੋਰ ਬੇਇਨਸਾਫੀ ਕੀਤੀ ਹੈ। ਮੁੱਖ ਮੰਤਰੀ ਨੇ ਸੁਖਬੀਰ ਨੂੰ ਕਿਹਾ, ''ਜੇਕਰ ਤੁਹਾਨੂੰ ਦਲਿਤ ਵਿਦਿਆਰਥੀਆਂ ਨਾਲ ਸੱਚਮੁਚ ਹੀ ਕੋਈ ਸਰੋਕਾਰ ਹੈ ਤਾਂ ਤੁਸੀਂ ਐਨ.ਡੀ.ਏ. ਸਰਕਾਰ ਨੂੰ ਅਜਿਹੀ ਬੇਇਨਸਾਫੀ ਕਰਨ ਦੀ ਆਗਿਆ ਕਿਉਂ ਦਿੱਤੀ?'' ਉਨ੍ਹਾਂ ਕਿਹਾ ਕਿ ਦੋਗਲਾਪਨ ਅਕਾਲੀਆਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਜਿਸ ਕਰਕੇ ਅਕਾਲੀ ਆਪਣੀ ਅਸਲੀਅਤ ਤੋਂ ਪਰਦਾ ਚੁੱਕੇ ਜਾਣ ਦੀ ਵੀ ਪਰਵਾਹ ਨਹੀਂ ਕਰਦੇ।
ਸੂਬੇ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਮਾਫੀਆ ਚਲਾਉਣ ਬਾਰੇ ਸੁਖਬੀਰ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਅਕਾਲੀ ਦਲ ਦਾ ਪ੍ਰਧਾਨ ਆਪਣੀ ਪਾਰਟੀ ਦੇ ਵਿਧਾਇਕਾਂ ਤੇ ਲੀਡਰਾਂ ਨੂੰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨਾਲ ਰਲਗੱਡ ਨਾ ਕਰੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਦੇ ਉਲਟ ਕਾਂਗਰਸੀ ਵਿਧਾਇਕ ਮਾਫੀਆ ਨਹੀਂ ਚਲਾਉਂਦੇ ਸਗੋਂ ਇਸ ਦਾ ਸਫਾਇਆ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਹ ਬੇਬੁਨਿਆਦ ਦੋਸ਼ ਉਸ ਦੀ ਹਰ ਹਾਲ ਵਿੱਚ ਸੱਤਾ ਵਿੱਚ ਆਉਣ ਦੀ ਬੁਖਲਾਹਟ ਦਾ ਪ੍ਰਗਟਾਵਾ ਕਰਦੇ ਹਨ ਅਤੇ ਖਾਸ ਕਰਕੇ ਉਸ ਵੇਲੇ ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਨੁੱਕਰੇ ਲੱਗ ਚੁੱਕੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

AAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

 
 
 
 
Subscribe