ਬਰਨਾਲਾ : ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਚੂੰਘਾ ਵਿਖੇ ਨਸ਼ੇ ‘ਚ ਟੱਲੀ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮ੍ਰਿਤਕਾ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਉਸਦੀ ਭਾਲ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੋਮਾ ਸਿੰਘ ਨਸ਼ੇ ਕਰਨ ਦਾ ਆਦਿ ਸੀ। ਨਸ਼ੇ ਕਰਕੇ ਉਹ ਘਰ ਵਿੱਚ ਕਲੇਸ਼ ਰੱਖਦਾ ਸੀ। ਉਸਦਾ ਅਕਸਰ ਪਤਨੀ ਕਮਲਜੀਤ ਕੌਰ ਦੇ ਝਗੜਾ ਹੁੰਦਾ ਰਹਿੰਦਾ ਸੀ ‘ਤੇ ਕੁੱਟਮਾਰ ਕਰਦਾ ਸੀ।
ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਮਿ੍ਰਤਕਾ ਦੇ ਭਰਾ ਬਿੱਟੂ ਵਾਸੀ ਪਿੰਡ ਗੰਗਾ ਨੇ ਦੱਸਿਆ ਕਿ ਉਹ ਦੋ ਦਿਨ ਤੋਂ ਆਪਣੀ ਭੈਣ ਦੇ ਘਰੇ ਆਇਆ ਹੋਇਆ ਸੀ। ਰਾਤ ਨੂੰ ਖਾਣਾ ਖਾ ਕੇ ਵੱਖਰੇ ਕਮਰੇ ਵਿੱਚ ਸੋ ਗਿਆ। ਰਾਤ 12 ਵਜੇ ਤੋਂ ਬਾਦ ਉਸਦੇ ਜੀਜੇ ‘ਤੇ ਭੈਣ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿੱਚ ਜੀਜੇ ਸੋਮਾ ਨੇ ਉਸਦੀ ਭੈਣ ਕਮਲਜੀਤ ਕੌਰ ਦਾ ਗਲਾ ਘੁੱਟ ਦਿੱਤਾ ‘ਤੇ ਉਸਦੀ ਭੈਣ ਦੀ ਮੌਤ ਹੋ ਗਈ। ਜਿਸ ਸੋਮਾ ਸਿੰਘ ਝਗੜਾ ਕਰ ਰਿਹਾ ਸੀ ਉਸਨੇ ਰੱਜਕੇ ਸ਼ਰਾਬ ਪੀਤੀ ਹੋਈ ਸੀ ‘ਤੇ ਉਹ ਆਪਣੇ ਆਪੇ ਤੋਂ ਬਾਹਰ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਸੋਮਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਥਾਣਾ ਟੱਲੇਵਾਲ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਮ੍ਰਿਤਕਾ ਦੇ ਭਰਾ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।