ਅੰਮ੍ਰਿਤਸਰ : ਸਿੱਖ ਜਥੇਬੰਧੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਿਚਾਲੇ ਹੋਈ ਝੜਪ 'ਤੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਇਹ ਬਹੁਤ ਹੀ ਅਫ਼ਸੋਸਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਇਥੇ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਥਾਨ ਧਰਨੇ ਪ੍ਰਦਰਸ਼ਨ ਕਰ ਲਈ ਨਹੀਂ ਹੈ ਪਰ ਇਹ ਲੋਕ ਇਥੇ ਮੰਦੀ ਭਾਸ਼ਾ ਬੋਲਦੇ ਸਨ ਤੇ ਮਾੜੀਆਂ ਗੱਲਾਂ ਕਰਦੇ ਸਨ। ਪਿਛਲੇ 40 ਦਿਨਾਂ ਤੋਂ ਅਸੀਂ ਇਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਸੀ ਤੇ ਵਾਰ-ਵਾਰ ਇਨ੍ਹਾਂ ਨੂੰ ਬੇਨਤੀ ਵੀ ਕਰਦੇ ਸੀ ਤੇ ਅੰਦਰਾਂ ਬੈਠਕਾਂ 'ਚ ਇਹ ਸਾਰੀਆਂ ਗੱਲਾਂ ਮੰਨ ਲੈਂਦੇ ਸੀ ਤੇ ਬਾਹਰ ਜਾ ਕੇ ਫ਼ਿਰ ਮੁੱਕਰ ਜਾਂਦੇ ਸਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਇਹ ਲੋਕ ਜਿਥੇ ਧਰਨੇ 'ਤੇ ਬੈਠ ਮੰਦੀ ਭਾਸ਼ਾ ਬੋਲਦੇ ਸਨ ਉਥੇ ਹੀ ਨਸ਼ੇ ਵੀ ਕਰਦੇ ਸਨ। ਉਨ੍ਹਾਂ ਕਿਹਾ ਕਿ ਖੋਸਾ ਸਾਹਿਬ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਹੋ ਨਸ਼ਾ ਕਰਦੇ ਸਾਫ਼ ਦਿਖਾਈ ਦੇ ਰਹੇ ਸਨ। ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਹੀ ਤਰ੍ਹਾਂ ਨਹੀਂ ਤੁਰ ਪਾ ਰਿਹਾ ਸੀ, ਜਿਸ ਕਰਕੇ ਇਕ ਨੌਜਵਾਨ ਇਸ ਦੀ ਬਾਂਹ ਫੜ੍ਹ ਕੇ ਤੁਰਦਾ ਸੀ। ਇਸ ਤੋਂ ਇਲਾਵਾ ਉਸ ਨੇ ਸ੍ਰੀ ਦਰਬਾਰ ਸਾਹਿਬ 'ਚ ਸਾਡੀ ਮਰਿਆਦਾ 'ਚ ਵੀ ਦਖ਼ਲਅੰਦਾਜ਼ੀ ਕੀਤੀ।