ਚੰਡੀਗੜ੍ਹ, 25 ਅਪ੍ਰੈਲ (ਸੱਚੀ ਕਲਮ ਬਿਊਰੋ) : ਬਠਿੰਡਾ ਸੰਸਦੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿਚ ਸ਼ਾਮਲ ਹੋ ਗਿਆ।
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ 56 ਸਾਲਾ ਇੰਜੀਨੀਅਰਿੰਗ ਗ੍ਰੈਜੂਏਟ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਤਕਰੀਬਨ 40 ਫ਼ੀ ਸਦੀ ਵੋਟਾਂ ਹਾਸਲ ਹੋਈਆਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਲਾਜ਼ਮੀ ਤੌਰ 'ਤੇ ਪਾਰਟੀ ਨੂੰ ਮਜਬੂਤੀ ਮਿਲੇਗੀ ਜਿਸ ਨੂੰ ਇਸ ਵੇਲੇ ਲੋਕਾਂ ਦਾ ਵੱਡਾ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ।
ਕਾਂਗਰਸ ਵਿਚ ਸ਼ਾਮਲ ਹੋਣ 'ਤੇ ਮਾਨਸ਼ਾਹੀਆ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਹਮਖਿਆਲੀ ਲੋਕ ਸੂਬੇ ਦੇ ਹਿੱਤ ਵਿਚ ਕਾਂਗਰਸ ਪਾਰਟੀ 'ਚ ਵੱਡੀ ਪੱਧਰ 'ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ ਅਤੇ ਪਾਰਟੀ ਵਿਚ ਵੱਡੀ ਪੱਧਰ 'ਤੇ ਬਗਾਵਤ ਦੇ ਕਾਰਨ ਇਹ ਪੂਰੀ ਤਰ੍ਹਾਂ ਖਿੰਡ ਪੁੰਡ ਗਈ ਹੈ।
ਮਾਨਸ਼ਾਹੀਆ ਨੇ ਸਾਲ 2015 ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਸੀ, ਜਿਥੇ ਉਹ ਸੀਨੀਅਰ ਵਾਤਾਵਰਣ ਇੰਜੀਨੀਅਰ ਵਜੋਂ ਸੇਵਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਜਿਸ ਦੇ ਵਾਸਤੇ ਉਨ੍ਹਾਂ ਨੂੰ ਕਾਂਗਰਸ ਦਾ ਮੰਚ ਸਭ ਤੋਂ ਵਧੀਆ ਲੱਗਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਅਪਣਾ ਸਥਾਨ ਪੂਰੀ ਤਰ੍ਹਾਂ ਗਵਾ ਚੁੱਕੀ ਹੈ ਜਿਸ ਕੋਲ ਸੇਧ ਵਾਸਤੇ ਹਾਂ ਪੱਖੀ ਏਜੰਡਾ ਜਾਂ ਵਿਚਾਰਧਾਰਾ ਨਹੀਂ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸ਼ਾਹੀਆ ਪਹਿਲੀ ਵਾਰੀ ਵਿਧਾਨ ਸਭਾ ਮੈਂਬਰ ਬਣੇ ਸਨ। ਉਹ ਪੰਜਾਬ ਵਿਧਾਨ ਸਭਾ ਦੀ ਸਦਨ ਕਮੇਟੀ ਅਤੇ ਕਿਸਾਨ ਖ਼ੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਸਬੰਧੀ ਕਮੇਟੀ ਦੇ ਮੈਂਬਰ ਰਹੇ। ਇਸ ਵੇਲੇ ਉਹ ਪੰਜਾਬ ਵਿਧਾਨ ਸਭਾ (2018-19) ਵਿਚ ਗੋਰਮਿੰਟ ਐਸ਼ੁਰੈਂਸ ਕਮੇਟੀ ਦੇ ਮੈਂਬਰ ਹਨ।