ਚੰਡੀਗੜ੍ਹ , (ਸੱਚੀ ਕਲਮ ਬਿਊਰੋ) : ਪੰਜਾਬ 'ਚ ਪੱਛਮੀ ਗੜਬੜੀਆਂ ਫਿਰ ਸਰਗਰਮ ਹੋ ਗਈਆਂ, ਜਿਸ ਕਾਰਨ ਮੰਗਲਵਾਰ ਅੱਧੀ ਰਾਤ ਤੋਂ ਹੀ ਮੌਸਮ ਬਦਲ ਗਿਆ। ਬੁੱਧਵਾਰ ਤੜਕੇ ਚਾਰ ਵਜੇ ਤੋਂ ਲੈ ਕੇ ਸਵੇਰ ਅੱਠ ਵਜੇ ਤੱਕ ਤਕਰੀਬਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਤੇ ਦਿਨ ਭਰ ਤੇਜ਼ ਧੁੱਪ ਰਹੀ ਪਰ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਮੌਸਮ ਨੇ ਕਰਵਟ ਲਈ ਤਾਂ ਧੁੱਪ ਗਾਇਬ ਹੋ ਗਈ ਤੇ ਪੂਰੇ ਆਸਮਾਨ 'ਚ ਬੱਦਲ ਛਾ ਗਏ।
ਸ਼ਾਮ ਪੰਜ ਵਜੇ ਤੋਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਕਈ ਥਾਈਂ ਮੀਂਹ ਦੇ ਨਾਲ-ਨਾਲ ਗੜੇ ਵੀ ਪਏ। ਲੁਧਿਆਣਾ 'ਚ ਅੱਧੇ ਘੰਟੇ ਦੌਰਾਨ ਤਿੰਨ ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਤੇ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ। ਹਾਲਾਂਕਿ ਸ਼ਾਮ ਛੇ ਵਜੇ ਤੋਂ ਬਾਅਦ ਬੱਦਲ ਗਾਇਬ ਹੋ ਗਏ ਤੇ ਧੁੱਪ ਨਿਕਲ ਗਈ।
ਇੰਡੀਆ ਮੈਟਰੋਲਾਜੀਕਲ ਵਿਭਾਗ ਚੰਡੀਗੜ੍ਹ ਅਨੁਸਾਰ ਲੁਧਿਆਣਾ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ, ਬਠਿੰਡਾ 'ਚ 41.4 ਡਿਗਰੀ, ਫਿਰੋਜ਼ਪੁਰ 'ਚ 41, ਜਲੰਧਰ 'ਚ 39 ਡਿਗਰੀ ਤੇ ਕਪੂਰਥਲਾ 'ਚ 38 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਵੀਰਵਾਰ ਨੂੰ ਵੀ ਸੂਬੇ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ- ਨਾਲ ਬੂੰਦਾਂਬਾਦੀ ਤੇ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 26 ਅਪ੍ਰੈਲ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ।