ਮਾਲਵੇ 'ਚ MSP ਤੋਂ ਥੱਲੇ ਵਿਕ ਰਿਹਾ ਹੈ ਨਰਮਾ, ਮਾਨ ਨੇ ਮੌੜ ਮੰਡੀ ਦੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ
ਬਠਿੰਡਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (MSP) ਨਾਲੋਂ ਘੱਟ ਭਾਅ 'ਤੇ 'ਚਿੱਟਾ ਸੋਨਾ' ਵੇਚਣ ਲਈ ਮਜਬੂਰ ਕਿਸਾਨਾਂ 'ਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਲਕਾਰਿਆ ਕਿ ਉਹ ਕਿਸਾਨਾਂ ਦੀ ਫ਼ਸਲ ਨੂੰ ਐਮਐਸਪੀ 'ਤੇ ਖ਼ਰੀਦੇ ਜਾਂ ਫਿਰ ਗੱਦੀ ਛੱਡ ਦੇਣ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਬਾਦਲਾਂ 'ਤੇ ਵੀ ਤਿੱਖੇ ਹਮਲੇ ਬੋਲੇ।
ਇਹ ਵੀ ਪੜ੍ਹੋ : ਸੁਖਬੀਰ ਦਾ ਨੈਤਿਕਤਾ ਤੋਂ ਸੱਖਣਾ ਚਿਹਰਾ ਬੇਨਕਾਬ : ਕੈਪਟਨ
ਸ਼ੁੱਕਰਵਾਰ ਨੂੰ ਮੌੜ ਮੰਡੀ ਵਿਖੇ ਰੁਲ ਰਹੀ ਨਰਮੇ ਦੀ ਫ਼ਸਲ ਬਾਰੇ ਕਿਸਾਨਾਂ ਨੂੰ ਮੰਡੀ 'ਚ ਮਿਲਣ ਪਹੁੰਚੇ ਭਗਵੰਤ ਮਾਨ ਨਾਲ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਜੋ ਹਾਲ ਮਾਲਵੇ ਦੀਆਂ ਮੰਡੀਆਂ 'ਚ ਨਰਮੇ ਅਤੇ ਦੁਆਬੇ ਦੀਆਂ ਮੰਡੀਆਂ 'ਚ ਮੱਕੀ ਦੀ ਫ਼ਸਲ ਦਾ ਹੋ ਰਿਹਾ ਹੈ, ਕੱਲ੍ਹ ਨੂੰ ਜਦੋਂ ਮੋਦੀ ਦੇ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਵੀ ਏੇਦਾਂ ਹੀ ਐਮਐਸਪੀ ਨਾਲੋਂ ਅੱਧੇ ਮੁੱਲ ਰੁਲਣਗੀਆਂ। ਕਿਸਾਨ ਜਾਵੇਗਾ ਕਿੱਥੇ? ਫਾਰਮ ਹਾਊਸ 'ਚ ਬੈਠੇ ਮਹਾਰਾਜੇ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਐਮਐਸਪੀ ਤੋਂ ਉੱਪਰ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਆਪਣੇ ਕਿਸਾਨਾਂ ਨੂੰ ਫ਼ਸਲਾਂ ਦਾ ਮੁੱਲ ਦੇ ਸਕਦੀ ਹੈ ਤਾਂ ਅਮਰਿੰਦਰ ਸਿੰਘ ਸਰਕਾਰ ਆਪਣੇ ਕਿਸਾਨਾਂ ਨੂੰ ਐਮਐਸਪੀ ਬਰਾਬਰ ਮੁੱਲ ਦੀ ਗਰੰਟੀ ਕਿਉਂ ਨਹੀਂ ਦਿੰਦੀ? ਮਾਨ ਮੁਤਾਬਿਕ ਨੀਅਤ ਚੰਗੀ ਹੋਵੇ ਤਾਂ ਸਭ ਸੰਭਵ ਹੈ, ਜੇ ਨੀਅਤ 'ਚ ਖੋਟ ਹੋਣ ਤਾਂ ਸਰਕਾਰਾਂ ਦੇ ਖ਼ਜ਼ਾਨੇ ਹਮੇਸ਼ਾ ਖ਼ਾਲੀ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ : ਨਾਜਾਇਜ਼ ਸਬੰਧ ਦੇ ਚਲਦਿਆਂ ਹੋਏ 3 ਕਤਲ
ਮਾਨ ਨੇ ਕਿਹਾ ਕਿ ਫ਼ਸਲ ਦੀ ਰੁੱਤ 'ਚ ਕਿਸਾਨਾਂ ਖੇਤਾਂ ਦੀ ਥਾਂ ਰੇਲਾਂ ਦੀਆਂ ਪਟੜੀਆਂ ਅਤੇ ਸੜਕਾਂ 'ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਮਾਨ ਨੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਨੂੰ ਸੰਘਰਸ਼ ਮੱਠਾ ਕਰਨ ਦੀਆਂ ਅਪੀਲਾਂ ਕਰਨ ਦੀ ਥਾਂ ਆਪਣੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ। ਭਗਵੰਤ ਮਾਨ ਨੇ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਕਾਨੂੰਨਾਂ ਵਿਰੁੱਧ ਅਮਰਿੰਦਰ ਸਿੰਘ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਫ਼ਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਐਮਐਸਪੀ ਉੱਤੇ ਖ਼ਰੀਦ ਦੀ ਗਰੰਟੀ ਵਾਲਾ ਆਪਣਾ ਕਾਨੂੰਨ ਨਹੀਂ ਲਿਆਂਦੀ, ਉਨ੍ਹਾਂ ਚਿਰ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਸੰਭਵ ਨਹੀਂ ਹੈ। ਇਸ ਲਈ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਲੜਾਈ ਲੜਨੀ ਪਵੇਗੀ ਅਤੇ ਲੋਕਾਂ ਦਾ ਦੁੱਖ ਦਰਦ ਸਮਝਣ ਵਾਲੇ ਚੰਗੇ ਬੰਦੇ ਅੱਗੇ ਲਿਆਉਣੇ ਪੈਣਗੇ। ਇਸ ਮੌਕੇ ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ, ''ਬਾਦਲ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਦੱਸ ਦੇਣ ਕਿ ਉਹ ਅਜਿਹੀ ਕਿਹੜੀ ਫ਼ਸਲ ਬੀਜਦੇ ਹਨ। ਜਿਸ ਨਾਲ ਚੰਦ ਸਾਲਾਂ 'ਚ 1000 ਬੱਸਾਂ ਦੀ ਫਲੀਟ ਅਤੇ ਆਲੀਸ਼ਾਨ ਹੋਟਲ ਖੜੇ ਹੋ ਜਾਂਦੇ ਹਨ?'' ਮਾਨ ਨੇ ਕਿਹਾ ਕਿ ਕਿਸਾਨਾਂ ਦੇ ਦਬਾਅ 'ਚ ਆ ਕੇ ਹੀ ਹਰਸਿਮਰਤ ਕੌਰ ਬਾਦਲ ਨੂੰ ਗੱਦੀ ਅਤੇ ਬਾਦਲਾਂ ਨੂੰ ਮੋਦੀ ਛੱਡਣਾ ਪਿਆ। ਉਨ੍ਹਾਂ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਕਿ ਅੰਦਰੋਂ ਕੈਪਟਨ, ਮੋਦੀ ਅਤੇ ਬਾਦਲ ਅੱਜ ਵੀ ਇੱਕ-ਮਿੱਕ ਹਨ। ਇਸ ਮੌਕੇ ਉਨ੍ਹਾਂ ਨਾਲ ਨਵਦੀਪ ਸਿੰਘ ਜੀਦਾ, ਨੀਲ ਗਰਗ ਅਤੇ ਗੁਰਜੰਟ ਸਿੰਘ ਸੀਬੀਆ ਵੀ ਹਾਜ਼ਰ ਸਨ।