ਫਿਰੋਜ਼ਪੁਰ , (ਸੱਚੀ ਕਲਮ ਬਿਊਰੋ) : ਸ਼ਹਿਰ 'ਚ ਅੱਜ ਦੇਰ ਸ਼ਾਮ ਭਰੇ ਬਾਜ਼ਾਰ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ 2 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਭਰੇ ਬਜ਼ਾਰ ਦਿੱਲੀ ਗੇਟ 'ਚ ਤਿੰਨ ਲੋਕਾਂ ਨੇ ਸਕੂਟਰੀ ਦੀ ਟੱਕਰ ਲੱਗਣ ਕਾਰਨ 2 ਲੋਕਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲਾਵਰਾਂ ਨੇ ਇਕ ਵਿਅਕਤੀ ਦੇ ਸਿਰ 'ਤੇ ਪਿਸਤੌਲ ਨਾਲ ਹਮਲਾ ਕੀਤਾ ਤੇ ਦੂਜੇ ਦੀ ਲੱਤ 'ਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਪਹਿਲਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਦੋਵਾਂ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ। ਉਥੇ ਹੀ ਜਿਥੇ ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਾ ਹੋਇਆ ਹੈ। ਉਥੇ ਹੀ ਅੱਜ ਫਿਰੋਜ਼ਪੁਰ ਦੇ ਭਰੇ ਬਾਜ਼ਾਰ ਦਿੱਲੀ ਗੇਟ 'ਚ ਗੋਲੀਆਂ ਚੱਲੀਆਂ, ਜਿਸ ਦੌਰਾਨ ਦੋ ਲੋਕ ਜ਼ਖਮੀ ਹੋ ਗਏ। ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ 'ਤੇ ਕਈ ਸਵਾਲ ਖੜੇ ਕਰ ਰਹੀਆਂ ਹਨ। ਕੋਡ ਆਫ ਕੰਡਕਟ ਦੇ ਚੱਲਦੇ ਫਿਰੋਜ਼ਪੁਰ 'ਚ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋ ਚੁਕੀਆਂ ਹਨ ਪਰ ਪੁਲਸ ਅਜਿਹੇ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ।