ਮਾਛੀਵਾੜਾ ਸਾਹਿਬ, (ਸੱਚੀ ਕਲਮ ਬਿਊਰੋ) : ਥਾਣਾ ਕੂੰਮਕਲਾਂ ਅਧੀਨ ਪੈਂਦਾ ਪਿੰਡ ਚੌਂਤਾ, ਜੋ ਕਿ ਚਿੱਟੇ ਦੀ ਸਪਲਾਈ ਦੀ ਰਾਜਧਾਨੀ ਮੰਨਿਆ ਜਾਂਦਾ ਹੈ, ਫਿਰ ਜ਼ਹਿਰ ਉਗਲਣ ਲੱਗ ਪਿਆ ਹੈ ਤੇ ਅੱਜ ਇਸ ਪਿੰਡ 'ਚ ਨਸ਼ੇ ਕਾਰਨ 5 ਭੈਣਾਂ ਦੇ ਇਕਲੌਤੇ ਭਰਾ ਸ਼ੇਰਾ (22) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੌਂਤਾ ਨੇੜਲੇ ਪਿੰਡ ਬੂਥਗੜ੍ਹ ਸਸਰਾਲੀ ਵਾਸੀ ਸ਼ੇਰਾ ਵਿਆਹਾਂ 'ਚ ਡੀ. ਜੇ. ਲਾਉਣ ਦਾ ਕੰਮ ਕਰਦਾ ਸੀ ਤੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਨਸ਼ਾ ਕਰਨ ਦਾ ਆਦੀ ਸੀ। ਅੱਜ ਸਵੇਰੇ 8 ਵਜੇ ਉਹ ਘਰੋਂ ਕੁਝ ਖਾਧੇ-ਪੀਤੇ ਬਿਨਾਂ ਮੋਟਰਸਾਈਕਲ 'ਤੇ ਚੌਂਤੇ ਗਿਆ ਤੇ ਉਥੇ ਜਾ ਕੇ ਉਸ ਨੇ ਨਸ਼ੇ ਦਾ ਸੇਵਨ ਕੀਤਾ। ਨਸ਼ੇ ਦਾ ਸੇਵਨ ਕਰਨ ਉਪਰੰਤ ਜਿਉਂ ਹੀ ਉਹ ਪੈਟਰੋਲ ਪੰਪ ਕੋਲ ਪੁੱਜਾ ਤਾਂ ਉਸ ਨੂੰ ਘਬਰਾਹਟ ਹੋਈ ਤਾਂ ਉਹ ਪੰਪ 'ਤੇ ਪਾਣੀ ਪੀਣ ਲੱਗਾ ਡਿੱਗ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਨਸ਼ੇ ਦੀ ਡੋਜ਼ ਕਾਰਨ ਮਰੇ ਨੌਜਵਾਨ ਸ਼ੇਰਾ ਦੀਆਂ ਬਾਹਾਂ 'ਤੇ ਟੀਕਾ ਲਾਉਣ ਦੇ ਨਿਸ਼ਾਨ ਸਨ। ਮਾਪਿਆਂ ਨੇ ਜਦੋਂ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਮਾਂ ਮੌਕੇ 'ਤੇ ਹੀ ਬੇਹੋਸ਼ ਹੋ ਕੇ ਡਿੱਗ ਗਈ ਜਦਕਿ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।