ਪਟਿਆਲਾ : ਥਾਣਾ ਸਦਰ ਪਟਿਆਲਾ ਅਧੀਨ ਪੈਂਦੇ ਇਲਾਕੇ 'ਚ ਟਿਊਸ਼ਨ ਤੋਂ ਪਰਤ ਰਹੀ ਵਿਦਿਆਰਥਣ ਨਾਲ ਇਕ ਆਟੋ ਚਾਲਕ ਨੇ ਹੈਵਾਨੀਅਤ ਕਰਦਿਆਂ ਪਹਿਲਾਂ ਉਸ ਦੇ ਪੇਚਕਸ ਮਾਰਿਆ ਅਤੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਦੇਖ ਕੇ ਕੁੜੀ ਨੇ ਰੌਲਾ ਪਾ ਦਿੱਤਾ ਤਾਂ ਆਟੋ ਚਾਲਕ ਆਟੋ ਛੱਡ ਕੇ ਫਰਾਰ ਹੋ ਗਿਆ।
ਇਸ ਮਾਮਲੇ 'ਚ ਕੁੜੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਆਟੋ ਚਾਲਕ ਸੁਖਦੇਵ ਸਿੰਘ ਪਿੰਡ ਅਲੀਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਬਹਾਦਰਗੜ੍ਹ ਟਿਊਸ਼ਨ ਪਡ਼੍ਹਨ ਲਈ ਆਉਂਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿੰਡ ਦੌਣ ਕਲਾਂ ਵਾਪਸ ਜਾਣ ਲਈ ਆਟੋ ਲਿਆ ਤਾਂ ਆਟੋ ਚਾਲਕ ਨੇ ਮੇਨ ਰੋਡ ਦੀ ਬਜਾਏ ਆਟੋ ਨੂੰ ਸਲਿੱਪ ਰੋਡ 'ਤੇ ਪਾ ਲਿਆ ਅਤੇ ਅੱਗੇ ਜਾ ਕੇ ਡਰਾਈਵਿੰਗ ਸੀਟ ਤੋਂ ਉੱਤਰ ਪਿੱਛੇ ਉਸ ਕੋਲ ਆ ਕੇ ਬੈਠ ਗਿਆ।
ਜਦੋਂ ਕੁੜੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਤਾਂ ਸੁਖਦੇਵ ਸਿੰਘ ਨੇ ਪੇਚਕਸ ਕੱਢ ਕੇ ਕੁੜੀ ਦੇ ਮਾਰਿਆ ਅਤੇ ਜ਼ਬਰਦਸਤੀ ਕਰਨ ਲੱਗ ਪਿਆ। ਕੁੜੀ ਨੇ ਰੌਲਾ ਪਾ ਦਿੱਤਾ ਤਾਂ ਸੁਖਦੇਵ ਸਿੰਘ ਮੌਕਾ ਪਾ ਕੇ ਉਥੋਂ ਫਰਾਰ ਹੋ ਗਿਆ। ਪਿੰਡ ਨਜ਼ਦੀਕ ਹੋਣ ਕਾਰਣ ਕੁੜੀ ਦੇ ਪਿਤਾ ਸਮੇਤ ਹੋਰ ਵਿਅਕਤੀ ਆ ਗਏ ਅਤੇ ਕੁੜੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ। ਥਾਣਾ ਸਦਰ ਪਟਿਆਲਾ ਦੇ SHO ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ 'ਚ ਕੇਸ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।