ਕਪੂਰਥਲਾ : ਫੂਡ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਬਿਜਨਸ ਅਪਰੇਟਰਾਂ (ਖਾਸ ਤੌਰ ਤੇ ਮਠਿਆਈਆਂ ਅਤੇ ਡੇਅਰੀਆਂ ਨਾਲ ਸਬੰਧ ਰੱਖਣ ਵਾਲੇ) ਦੀ ਚੈਕਿੰਗ ਕੀਤੀ ਗਈ। ਫੂਡ ਸੇਫਟੀ ਅਫਸਰ ਸਤਨਾਮ ਸਿੰਘ ਤੇ ਮੁਕੁਲ ਗਿੱਲ ਵੱਲੋਂ ਸਹਾਇਕ ਕਮਿਸ਼ਨਰ ਫੂਡ ਹਰਜੋਤ ਪਾਲ ਸਿੰਘ ਦੀ ਅਗੁਵਾਈ ਹੇਠ ਫੂਡ ਟੀਮ ਵੱਲੋਂ ਜਿਲ੍ਹੇ ਦੇ ਵੱਖ-ਵੱਖ ਏਰੀਆ ਤੋਂ ਕੁੱਲ 43 ਸੈਂਪਲ ਲਏ ਗਏ, ਜਿਸ ਵਿੱਚ ਮਠਿਆਈਆਂ ਜਿਵੇਂ ਕਿ ਖੋਆ ਬਰਫੀ, ਮਿਲਕ ਕੇਕ, ਰਸਗੁੱਲਾ, ਗੁਲਾਬ ਜਾਮੁਨ, ਪਤੀਸਾ, ਪੇਠਾ ਆਦਿ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ ਸੈਂਪਲ ਸਨ। ਆਉਣ ਵਾਲੇ ਸਮੇਂ ਵਿੱਚ ਵਿੰਗ ਵੱਲੋਂ ਕੋਲਡ ਸਟੋਰਾਂ ਅਤੇ ਅਜਿਹੀਆਂ ਥਾਵਾਂ ਜਿੱਥੇ ਮਠਿਆਈਆਂ ਸਟੋਰ ਕੀਤੀਆਂ ਜਾਂਦੀਆਂ ਹਨ, ਦੀ ਚੈਕਿੰਗ ਵੀ ਕੀਤੀ ਜਾਵੇਗੀ।
ਮਠਿਆਈਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ FSSAI (ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ) ਦੀਆਂ ਹਦਾਇਤਾਂ ਅਨੁਸਾਰ ਮਠਿਆਈਆਂ ਦੀ ਮਿਆਦ ਲਿਖਣ ਤੇ ਮਠਿਆਈਆਂ ਅਤੇ ਖੋਏ ਨੂੰ ਕੋਲਡ ਸਟੋਰਾਂ ਵਿੱਚ ਨਾ ਰੱਖਣ। ਇਸਤੋਂ ਇਲਾਵਾ ਇਹ ਕਿਹਾ ਗਿਆ ਕਿ ਦੂਜੇ ਰਾਜਾਂ/ਜਿਲ੍ਹਿਆਂ ਤੋਂ ਖੋਆ ਅਤੇ ਮਠਿਆਈਆਂ ਨਾ ਲਿਆਈਆਂ ਜਾਣ, ਕਿਉਂ ਜੋ ਇਹ ਘਟੀਆ ਕੁਆਲਟੀ ਦੀਆਂ ਅਤੇ ਘਟੀਆ ਸਟੋਰੇਜ/ਟਰਾਂਸਪੋਰਟ ਵਿੱਚ ਲਿਆਈਆਂ ਹੋ ਸਕਦੀਆਂ ਹਨ ।
ਮਠਿਆਈਆਂ ਬਣਾਉਣ ਲਈ ਰੰਗ ਦਾ ਇਸਤੇਮਾਲ ਨਾ ਕੀਤਾ ਜਾਵੇ, ਪਰ ਉਹ ਮੰਜੂਰਸ਼ੁਦਾ ਸਿੰਥੈਟਿਕ ਫੂਡ ਰੰਗਾਂ ਦੀ ਵਰਤੋ ਕੇਵਲ ਤੈਅਸ਼ੁਦਾ ਮਾਤਰਾ ਵਿੱਚ ਹੀ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਸਾਰੇ ਫੂਡ ਬਿਜਨਸ ਵਿਕਰੇਤਾ ਖਾਸ ਤੌਰ ਤੇ ਦੁੱਧ ਅਤੇ ਦੁੱਧ ਤੋਂ ਤਿਆਰ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਅਤੇ ਹਲਵਾਈਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਉੱਚ ਕੁਆਲਟੀ ਦੇ ਕੱਚੇ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਦਾਰੇ ਦੀ ਸਾਫ਼ ਸਫਾਈ ਦਾ ਧਿਆਨ ਰੱਖਣ ਤਾਂ ਜੋ ਆਉਣ ਵਾਲੇ ਤਿਉਹਾਰਾਂ ਦੇ ਸਮੇਂ ਵਿੱਚ ਆਮ ਜਨਤਾ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸ਼ੁੱਧ ਖਾਣ-ਪੀਣ ਦੀਆਂ ਵਸਤਾਂ ਮਿਲ ਸਕਣ ਅਤੇ ਤਿਉਹਾਰਾਂ ਨੂੰ ਉਹਨਾਂ ਦੇ ਸਹੀ ਮਾਅਨੇ ਵਿੱਚ ਮਨਾਇਆ ਜਾ ਸਕੇ।