ਮਾਨਸਾ : ਹਲਕਾ ਸਰਦੂਲਗੜ੍ਹ ਦੇ ਪਿੰਡ ਸਰਦੁਏਲਾ ਵਿਖੇ ਕਿਸਾਨ ਨੂੰ ਪਰਾਲੀ ਸਾੜਨ ਤੋਂ ਰੋਕਣ ਆਏ ਪਾਵਰਕਾਮ ਦੇ ਦੋ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ ਹੈ ਜਦਕਿ ਪਟਵਾਰੀ ਮੌਕੇ ਤੋਂ ਫਰਾਰ ਹੋ ਗਏ। ਜਿਹਨਾਂ ਨੂੰ ਇੰਪਲਾਇਜ ਯੂਨੀਅਨ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੇ ਕਰਮਚਾਰੀ ਪਰਾਲੀ ਸਾੜਨ ਤੋਂ ਰੋਕਣ ਨਹੀਂ ਆਉਣਗੇ ਤਾਂ ਕਿਤੇ ਜਾ ਕੇ ਬੰਦੀਆਂ ਨੂੰ ਕਿਸਾਨਾਂ ਨੇ ਛੱਡਿਆ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਸਰਦੁਲੇਵਾਲਾ ਦੇ ਕਿਸਾਨ ਅਮਰਨਾਥ ਵੱਲੋਂ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਸਾੜੀ ਜਾ ਰਹੀ ਸੀ।
ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਲਾਏ ਪਾਵਰ ਕਾਮ ਦੇ 2 ਕਰਮਚਾਰੀ ਨੋਡਲ ਅਫ਼ਸਰ ਕਮਲਦੀਪ ਸਿੰਘ , ਗੁਰਜੰਟ ਸਿੰਘ ਤੇ ਬਲਮ ਸਿੰਘ ਪਟਵਾਰੀ ਪਰਾਲੀ ਸਾੜਨ ਤੋ ਰੋਕਣ ਲਈ ਪਹੁੰਚ ਗਏ ਤਾਂ ਕਿਸਾਨ ਅਮਰਨਾਥ ਨੇ ਪਿੰਡ ਵਿਚ ਗੁਰਦੁਆਰਾ ਸਾਹਿਬ ਰਾਹੀ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਬੁਲਾ ਲਿਆ। ਇਸ ਤੋਂ ਬਾਅਦ ਨਜ਼ਦੀਕ ਰਿਲਾਇੰਸ ਪੰਪ ਅੱਗੇ ਲਾਏ ਕਿਸਾਨਾਂ ਦੇ ਧਰਨੇ ਵਿਚੋਂ ਅਨੇਕਾ ਕਿਸਾਨਾਂ ਨੇ ਜਾ ਕੇ ਪਾਵਰ ਕਾਮ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਫਿਰ ਵੀ ਕੋਈ ਕਰਮਚਾਰੀ ਅਜਿਹਾ ਕਰੇਗਾ ਤਾ ਉਹ ਆਪਣੇ ਜਾਨੀ ਮਾਲੀ ਨੁਕਸਾਨ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ।