ਬਠਿੰਡਾ : ਮੁਸ਼ਕਿਲਾਂ ਸਭ ਦੀ ਜ਼ਿੰਦਗੀ 'ਚ ਆਉਂਦੀਆਂ ਹਨ, ਪਰ ਜੇਕਰ ਸਹੀ ਮਦਦਗਾਰ ਮਿਲ ਜਾਵੇ ਤਾਂ ਇਨਸਾਨ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਪਾਰ ਕਰ ਲੈਂਦਾ ਹੈ। ਅਜਿਹਾ ਹੀ ਇੱਕ ਵਾਕਿਆ ਬਠਿੰਡਾ ਦੇ ਪਿੰਡ ਤਿਉਣਾ ਦੇ ਲਖਵਿੰਦਰ ਸਿੰਘ ਨਾਲ ਵਾਪਰਿਆ, ਜਿਸ ਦੀ ਪੋਲੀਓ ਕਾਰਨ ਤੁਰਨ-ਫ਼ਿਰਨ ਦੀ ਭਾਰੀ ਮੁਸ਼ਕਿਲ ਦਾ ਹੱਲ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਬਲਬੀਰ ਸਿੱਧੂ ਕੋਰੋਨਾ ਮੁਕਤ ਹੋ ਕੇ ਪਰਤੇ ਘਰ
ਪਿੰਡ ਤਿਉਣਾ ਦੇ ਲਖਵਿੰਦਰ ਸਿੰਘ ਨੇ ਬੀਬਾ ਜੀ ਤੱਕ ਫ਼ੋਨ ਰਾਹੀਂ ਪਹੁੰਚ ਕਰਕੇ ਆਪਣੀ ਵਿਥਿਆ ਸੁਣਾਈ ਅਤੇ ਬੀਬਾ ਜੀ ਤੁਰੰਤ ਉਸ ਦੀ ਦਿੱਕਤ ਦਾ ਹੱਲ ਕਰਨ ਦਾ ਫ਼ੈਸਲਾ ਕੀਤਾ। ਪਿੰਡ ਬਾਦਲ ਵਿਖੇ ਪਰਿਵਾਰ ਤੇ ਪਿੰਡ ਵਾਸੀਆਂ ਸਮੇਤ ਪਹੁੰਚੇ ਲਖਵਿੰਦਰ ਸਿੰਘ ਨੂੰ ਬੀਬਾ ਬਾਦਲ ਜੀ ਨੇ ਇੱਕ ਬੈਟਰੀ ਨਾਲ ਚੱਲਣ ਵਾਲਾ ਟ੍ਰਾਈ ਸਾਈਕਲ ਭੇਟ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਹਾਸਲ ਕਰਨ ਦੀ ਖੁਸ਼ੀ ਅਤੇ ਧੰਨਵਾਦੀ ਭਾਵ, ਪਹਿਲਾਂ ਪਰੰਪਰਾਗਤ ਹੱਥ ਨਾਲ ਚੱਲਣ ਵਾਲਾ ਟ੍ਰਾਈ ਸਾਈਕਲ ਰਾਹੀਂ ਜ਼ਿੰਦਗੀ ਨਾਲ ਜੱਦੋ-ਜਹਿਦ ਕਰਨ ਵਾਲੇ ਲਖਵਿੰਦਰ ਸਿੰਘ ਦੇ ਚਿਹਰੇ ਤੋਂ ਸਾਫ਼ ਦੇਖਿਆ ਜਾ ਸਕਦਾ ਸੀ।
ਇਸ ਤੋਹਫ਼ੇ ਲਈ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦੇ ਹੋਏ ਉਸ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਲਈ ਵੀ ਵਧੇਰੇ ਆਸਵੰਦ ਹੋਣ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਕਿਸੇ ਲੋੜਵੰਦ ਨੇ ਬੀਬਾ ਹਰਸਿਮਰਤ ਕੌਰ ਬਾਦਲ ਤੱਕ ਆਪਣੀ ਮੁਸ਼ਕਿਲ ਸਾਂਝੀ ਕੀਤੀ ਹੋਵੇ ਤੇ ਬੀਬਾ ਜੀ ਨੇ ਉਸ ਦਾ ਸ਼ਲਾਘਾਯੋਗ ਹੱਲ ਕੀਤਾ ਹੋਵੇ। ਇਸ ਤੋਂ ਪਹਿਲਾਂ ਬੀਬਾ ਜੀ ਬਠਿੰਡਾ ਦਿਹਾਤੀ ਦੇ ਪਿੰਡ ਮੀਆਂ ਦੇ ਵਸਨੀਕ ਗੁਰਬਖ਼ਸ਼ ਸਿੰਘ ਨੂੰ ਵੀ ਇੱਕ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਦੇ ਚੁੱਕੇ ਹਨ। ਇਹ ਗੱਲ ਅਤਿਕਥਨੀ ਨਹੀਂ ਹੋਵੇਗੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਇੱਕ ਆਮ ਘਰੇਲੂ ਔਰਤ ਤੋਂ ਕੇਂਦਰੀ ਵਜ਼ਾਰਤ ਦੇ ਸਨਮਾਨ ਭਰੇ ਅਹੁਦੇ ਤੱਕ ਪਹੁੰਚਣ ਪਿੱਛੇ ਇਸ ਨੇਕਦਿਲੀ ਤੇ ਹਮਦਰਦੀ ਭਰੇ ਕਾਰਜਾਂ ਦਾ ਵੀ ਬੜਾ ਯੋਗਦਾਨ ਹੈ।