ਨਵਾਂਸ਼ਹਿਰ : ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਅਦਾਲਤੀ ਹੁਕਮਾਂ ਅਨੁਸਾਰ 2500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਜ਼ੁਰਮਾਨਾ ਕੀਤਾ ਜਾ ਰਿਹਾ ਹੈ ਅਤੇ ਸਬੰਧਤ ਕਿਸਾਨ ਦੀ ਮਾਲ ਰਿਕਾਰਡ ਵਿਚ 'ਰੈੱਡ ਐਂਟਰੀ' ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਵੱਲੋਂ FIR ਦਰਜ ਕੀਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਗਠਿਤ ਵਿਸ਼ੇਸ਼ ਟੀਮ ਵੱਲੋਂ ਅੱਜ ਪਿੰਡ ਸ਼ੇਖੂਪੁਰ ਬਾਗ ਅਤੇ ਆਲੋਵਾਲ ਦੇ ਕਿਸਾਨਾਂ ਵੱਲੋਂ ਖੇਤਾਂ ਵਿਚ ਲਗਾਈ ਅੱਗ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਸ਼ੇਖੂਪੁਰ ਬਾਗ ਵਿਖੇ ਤਰਸੇਮ ਸਿੰਘ ਪੁੱਤਰ ਹਰੀ ਸਿੰਘ ਵਾਸੀ ਦੁਪਾਲਪੁਰ ਅਤੇ ਪਿੰਡ ਆਲੋਵਾਲ ਵਿਖੇ ਸੁੱਚਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਦੁਪਾਲਪੁਰ ਵੱਲੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਅਦਾਲਤੀ ਹੁਕਮਾਂ ਅਨੁਸਾਰ ਉਪਰੋਕਤ ਕਿਸਾਨਾਂ ਤੋਂ 2500-2500 ਰੁਪਏ ਜ਼ੁਰਮਾਨਾ ਵਸੂਲ ਕੀਤਾ ਗਿਆ ਅਤੇ ਭਵਿੱਖ ਵਿਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਨ੍ਹਾ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚ ਅੱਗ ਲਗਾਈ ਜਾ ਰਹੀ ਹੈ, ਉਨ੍ਹਾਂ 'ਤੇ ਉੱਪਗ੍ਰਹਿ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ SDM ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕਟਾਰੀਆ, ਕਲੱਸਟਰ ਅਫ਼ਸਰ ਕਮਲਦੀਪ ਸਿੰਘ ਸੰਘਾ, ਪਟਵਾਰੀ ਅਸ਼ੋਕ ਕੁਮਾਰ, ਨੋਡਲ ਅਫ਼ਸਰ ਰਮੇਸ਼ ਕੁਮਾਰ, ਹਰਮੇਸ਼ ਲਾਲ, ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ।