ਚੰਡੀਗੜ : ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੇ ਹੱਕ 'ਚ ਖੜਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਅਤੇ ਵਿਧਾਇਕ ਅਮਨ ਅਰੋੜਾ (Aman Arora) ਨੇ ਕਿਸਾਨ ਵਿਰੋਧੀ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਵਿਧਾਨ ਸਭਾ ਦਾ ਸੈਸ਼ਨ 7 ਦਿਨਾਂ 'ਚ ਸੱਦਣ ਜਾਂ ਫਿਰ CM ਦੀ ਕੋਠੀ ਦਾ ਘਿਰਾਓ ਕਰਨ ਦੇ ਦਿੱਤੇ ਗਏ ਅਲਟੀਮੇਟਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਬਾਦਲ ਅਤੇ ਕੈਪਟਨ ਇੱਕ ਯੋਜਨਾ ਦੇ ਤਹਿਤ ਕਿਸਾਨਾਂ ਸਮੇਤ ਪੰਜਾਬ ਦੇ ਹਰ ਵਰਗ ਨਾਲ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ।
ਕਾਰਪੋਰੇਟ ਘਰਾਨਿਆਂ ਦੀ ਪੰਜਾਬ 'ਚ 'ਐਂਟਰੀ' ਹੁੰਦਿਆਂ ਹੀ ਕਿਸਾਨ ਹੋਵੇਗਾ ਬਰਬਾਦ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਅਜਿਹੇ ਹੱਥ ਕੰਡੇ ਵਰਤ ਕੇ ਸੂਬੇ 'ਚ ਆਪਣੀ ਗੁਆਚ ਚੁੱਕੀ ਸਿਆਸੀ ਜ਼ਮੀਨ ਨੂੰ ਲੱਭ ਰਿਹਾ ਹੈ। ਜਿਸ ਵਿਚ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਪੰਜਾਬ ਦੇ ਕਿਸਾਨਾਂ ਸਮੇਤ ਹਰ ਵਰਗ ਦੇ ਲੋਕ ਬਾਦਲ ਪਰਿਵਾਰ ਦੀਆਂ ਸਾਰੀਆਂ ਘਟੀਆਂ ਚਾਲਾਂ ਨੂੰ ਭਲੀਭਾਂਤ ਜਣੂ ਚੁੱਕੇ ਹਨ। ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸੂਬੇ ਦੇ ਕਿਸਾਨਾਂ, ਦਲਿਤਾਂ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ (Shiromani Akali Dal) ਅਤੇ ਕਾਂਗਰਸ ਨੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਮਕਸਦ ਨਾਲ ਰੈਲੀਆਂ ਕੀਤੀਆਂ, ਸ਼ੰਭੂ ਬਾਰਡਰ 'ਤੇ ਨਾਅਰੇ ਲਗਵਾ ਕੇ ਡਰਾਮੇਬਾਜ਼ੀ ਕੀਤਾ, ਪਰੰਤੂ ਅਫ਼ਸੋਸ ਅਜਿਹੀਆਂ ਡਰਾਮੇਬਾਜ਼ੀਆਂ ਕਰਨ ਦੇ ਬਾਵਜੂਦ ਜਦੋਂ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਇੱਕਜੁੱਟ ਜਾਰੀ ਹੈ ਤਾਂ ਹੁਣ ਸੁਖਬੀਰ ਅਤੇ ਕੈਪਟਨ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ 'ਤੇ ਉਤਰ ਆਏ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਤਿੰਨ ਮਾਰੂ ਆਰਡੀਨੈਂਸਾਂ ਰਾਹੀਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਅਤੇ ਅੰਬਾਨੀਆਂ-ਅਡਾਨੀਆਂ ਦਾ ਪੰਜਾਬ-ਹਰਿਆਣਾ ਦੇ ਖੇਤਾਂ ਅਤੇ ਮੰਡੀਆਂ 'ਤੇ ਕਬਜ਼ਾ ਕਰਾਉਣਾ ਚਾਹੁੰਦੇ ਹਨ।
ਜਦ ਕਾਰਪੋਰੇਟ ਘਰਾਨਿਆਂ ਦੀ ਪੰਜਾਬ 'ਚ 'ਐਂਟਰੀ' ਹੋ ਗਈ ਤਾਂ ਮੱਕੀ, ਗੰਨੇ ਅਤੇ ਦਾਲਾਂ ਵਾਂਗ ਕਣਕ ਅਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (MSP) ਨਿਰਾਰਥਕ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨ ਕੌਡੀਆਂ ਦੇ ਮੁੱਲ ਫ਼ਸਲਾਂ ਵੇਚਣ ਅਤੇ ਭੁਗਤਾਨ ਲਈ ਮਹੀਨੇ ਸਾਲ ਠੋਕਰਾਂ ਖਾਣ ਲਈ ਮਜਬੂਰ ਹੋਣਗੇ। ਅਮਨ ਅਰੋੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਵੀ ਭਾਜਪਾ ਦੀ ਕਠਪੁਤਲੀ ਬਣੀ ਹੋਈ ਹੈ, ਕਿਉਂਕਿ ਸੁਖਬੀਰ ਬਾਦਲ ਨੇ ਪੰਜਾਬ ਵਿਚ ਡਰਾਮੇਬਾਜ਼ੀ ਕਰਦੇ ਹੋਏ ਜੋ ਵੀ ਰੈਲੀਆਂ ਕੀਤੀਆਂ ਹਨ, ਬਾਦਲ ਨੇ ਰੈਲੀ ਸੰਬੋਧਨ ਵਿਚ ਇੱਕ ਵਾਰ ਵੀ ਨਰਿੰਦਰ ਮੋਦੀ ਜਾਂ ਭਾਜਪਾ ਦੇ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਕਿਹਾ, ਜਿਸ ਤੋਂ ਸਪਸ਼ਟ ਹੈ ਕਿ ਬਾਦਲਾਂ ਦੀ ਜੋੜੀ ਦਾ ਅੰਦਰ ਖਾਤੇ ਹਾਲੇ ਵੀ ਗੱਠਜੋੜ ਜਾਰੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਕੇ ਨਰਿੰਦਰ ਮੋਦੀ ਨੂੰ ਬਚਾ ਰਹੇ ਹਨ ਅਤੇ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਹੋਣ, ਕਿਉਂਕਿ ਕੈਪਟਨ-ਬਾਦਲ-ਮੋਦੀ (captain-Badal-Modi) ਦੀਆਂ ਤਾਰਾਂ ਕਾਰਪੋਰੇਟ ਘਰਾਣੀਆਂ ਨਾਲ ਜੁੜੀਆਂ ਹੋਇਆ ਹਨ।