ਧਰਮਸ਼ਾਲਾ : ਤਿੱਬਤ ਦੇ ਧਾਰਮਕ ਗੁਰੂ ਦਲਾਈ ਲਾਮਾ ਨੇ ਕੋਵਿਡ-19 ਵਿਰੁਧ ਲੜਾਈ 'ਚ 'ਕੋਰੋਨਾ ਯੋਧਿਆਂ' ਦੀਆਂ ਕੋਸ਼ਿਸ਼ਾਂ ਦੀ ਸਨਿਚਰਵਾਰ ਨੂੰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਮਹਾਂਮਾਰੀ ਤੋਂ ਬਚਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਦਲਾਈ ਲਾਮਾ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ 'ਤੇ ਸੰਦੇਸ਼ 'ਚ ਕਿਹਾ, ''ਇੰਨੀਂ ਦਿਨੀਂ ਸਾਨੂੰ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬਹੁਤ ਹੀ ਦੁਖਦ ਹੈ। ਜੋ ਕੁੱਝ ਵੀ ਹੋਇਆ ਹੈ ਉਹ ਸਾਡੇ ਪਿਛਲੇ ਕਰਮਾਂ ਦਾ ਨਤੀਜਾ ਸੀ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਭਵਿੱਖ 'ਚ ਅਜਿਹੀ ਕਿਸੇ ਮਹਾਂਮਾਰੀ ਨੂੰ ਰੋਕਣ ਲਈ ਸਾਨੂੰ ਕਦਮ ਚੁੱਕਣੇ ਚਾਹੀਦੇ ਹਨ।'' ਉਨ੍ਹਾਂ ਕਿਹਾ, ''ਹਰ ਸਵੇਰੇ, ਮੈਂ ਮੰਤਰ ਪੜ੍ਹਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਮਹਾਂਮਾਰੀ ਜਲਦ ਤੋਂ ਜਲਦ ਖ਼ਤਮ ਹੋ ਜਾਵੇ। ਮੈਂ ਇਨ੍ਹਾਂ ਵਿਸ਼ਵ ਖਾਸ ਕਰ ਕੇ ਭਾਰਤ ਨੂੰ ਸਮਰਿਪਤ ਕਰਦਾ ਹਾਂ।''