ਅੰਮ੍ਰਿਤਸਰ : ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ 'ਚ ਡੀਜੇ ਗਰੁੱਪ ਵਿੱਚ ਕੰਮ ਕਰਨ ਵਾਲੀ ਮਹਿਲਾ ਨਾਲ ਗੈਂਗਰੇਪ ਕਰਨ ਦੇ ਰੋਸ ਵੱਜੋਂ ਵਿਸ਼ਵ ਵਾਲਮੀਕੀ ਧਰਮ ਸਮਾਜ ਸੰਗਠਨ ਵੱਲੋਂ ਇੰਸਾਫ ਦਿਵਾਉਣ ਦੇ ਲਈ 'ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੇ ਲਈ ਵੱਡੀ ਗਿਣਤੀ ਵਿੱਚ ਰੋਸ ਮਾਰਚ ਕੱਢਿਆ ਗਿਆ।
ਵਾਲਮੀਕੀ ਧਰਮ ਸਮਾਜ ਸੰਗਠਨ ਨੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਮਾਰਚ
ਭੰਡਾਰੀ ਪੁਲ 'ਤੇ ਭੁੱਖ ਹੜਤਾਲ 'ਤੇ ਬੈਠੇ ਵਾਲਮੀਕੀ ਧਰਮ ਸਮਾਜ ਸੰਗਠਨ ਦੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸੇ ਤਰ੍ਹਾਂ ਰੋਜ਼ ਪ੍ਰਦਰਸ਼ਨ 'ਤੇ ਧਰਨਾ ਦਿੰਦੇ ਰਹਿਣਗੇ। ਸਮੂਹਿਕ ਜਬਰ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਹਰਪਾਲ ਸਿੰਘ ਨੇ ਕਿਹਾ ਪੀੜਿਤਾ ਦੀ ਸ਼ਿਕਾਇਤ 'ਤੇ ਨਾਮਜ਼ਦ ਕੀਤੇ ਗਏ ਤਿੰਨੋਂ ਮੁਲਜ਼ਮਾਂ ਦੀ ਪਹਿਚਾਣ ਹੋ ਗਈ ਹੈ। ਜਿਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਥਾਣਾ ਮਕਬੂਲਪੁਰਾ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਤਰਨਤਾਰਨ ਰੋਡ ਦੀ ਰਹਿਣ ਵਾਲੀ ਪੀੜਿਤਾ ਨੇ ਦੱਸਿਆ ਕਿ ਉਹ ਡੀਜੇ ਗਰੁੱਪ ਵਿੱਚ ਕੰਮ ਕਰਦੀ ਹੈ। ਛੇ ਅਕਤੂਬਰ ਨੂੰ ਉਸ ਨੂੰ ਅਜਨਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਦਾ ਫੋਨ ਆਇਆ ਕਿ ਡੀਜੇ ਗਰੁੱਪ 'ਚ ਕੰਮ ਕਰਦਾ ਉਨ੍ਹਾਂ ਦਾ ਸਾਥੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਹਸਪਤਾਲ 'ਚ ਦਾਖਲ ਹੈ। ਜੇਕਰ ਉਸਨੇ ਆਪਣੇ ਜ਼ਖਮੀਂ ਸਾਥੀ ਦਾ ਪਤਾ ਲੈਣਾ ਹੈ ਤਾਂ ਬੱਸ ਸਟੈਂਡ ਨੇੜੇ ਆ ਜਾਵੇ। ਪੀੜਿਤਾ ਨੇ ਦੱਸਿਆ ਕਿ ਉਹ ਆਪਣੀ 11 ਸਾਲਾ ਬੱਚੀ ਨਾਲ ਬੱਸ ਸਟੈਂਡ ਪਹੁੰਚ ਗਈ। ਤਿੰਨੇ ਨੌਜਵਾਨ ਉਸ ਨੂੰ ਕਾਰ 'ਚ ਬੈਠਾ ਕੇ ਲੈ ਗਏ। ਹਾਲੇ ਉਹ ਬੱਸ ਸਟੈਂਡ ਤੋਂ ਕੁਝ ਦੂਰੀ 'ਤੇ ਹੀ ਗਏ ਸਨ ਕਿ ਉਸ ਨੂੰ ਪੀਣ ਲਈ ਕੋਲਡ ਡ੍ਰਿੰਕ ਦਿੱਤੀ ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਈ। ਉਹ ਉਸ ਨੂੰ ਬਟਾਲਾ ਰੋਡ ਸਥਿਤ ਇਕ ਹੋਟਲ 'ਚ ਲੈ ਗਏ ਜਿੱਥੇ ਉਸ ਨਾਲ ਬੇਹੋਸ਼ੀ ਦੀ ਹਾਲਤ 'ਚ ਸਮੂਹਿਕ ਜਬਰ ਜਨਾਹ ਕੀਤਾ। ਬਾਅਦ 'ਚ ਉਸ ਨੂੰ ਉਹ ਬੇਹੋਸ਼ੀ ਦੀ ਹਾਲਤ 'ਚ ਬੱਚੀ ਸਮੇਤ ਸੜਕ 'ਤੇ ਸੁੱਟ ਗਏ। ਬੱਚੀ ਵੱਲੋਂ ਉਸ ਨੂੰ ਹੋਸ਼ 'ਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹ ਹਸਪਤਾਲ ਪੁੱਜੀ।