ਜਲਾਲਾਬਾਦ, (ਸੱਚੀ ਕਲਮ ਬਿਊਰੋ) : ਵਪਾਰੀ ਸੁਮਨ ਮੁਟਨੇਜਾ ਦਾ ਕਤਲ ਫਿਰੌਤੀ ਲੈਣ ਲਈ ਪਹਿਲੇ ਤੋਂ ਹੀ ਮੁਜ਼ਰਮਾਨਾ ਬਿਰਤੀ ਵਾਲੇ ਵਿਅਕਤੀਆਂ ਦੇ ਇੱਕ ਗਰੋਹ ਨੇ ਹਮਮਸ਼ਵਰਾ ਹੋ ਕੇ ਕੀਤਾ । ਇਹ ਪ੍ਰਗਟਾਵਾ ਅੱਜ ਮੁਖਵਿੰਦਰ ਸਿੰਘ ਛੀਨਾ ਆਈ ਜੀ ਪੁਲਿਸ ਰੇਂਜ ਫ਼ਿਰੋਜ਼ਪੁਰ ਨੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ।
ਉਨ੍ਹਾਂ ਦਸਿਆ ਕਿ ਇਨ੍ਹਾਂ ਮੁਜਰਮਾਂ ਨੇ ਵਪਾਰੀ ਸੁਮਨ ਮੁਟਨੇਜਾ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਇਕ ਵੀਡੀਉ ਬਣਾਈ ਜਿਸ ਵਿੱਚ ਉਹ ਆਪਣੇ ਪੁੱਤਰ ਨੂੰ ਕਹਿ ਰਿਹਾ ਸੀ ਕਿ ਅਜੇ ਮੈਂ ਠੀਕ ਠਾਕ ਹਾਂ । ਇਹ ਜੋ ਕਹਿ ਰਹੇ ਹਨ ਇਨ੍ਹਾਂ ਦੀ ਮੰਗ ਪੂਰੀ ਕਰ ਦਿਉ । ਆਈ.ਜੀ. ਨੇ ਦਸਿਆ ਸਾਰੇ ਕਾਂਡ ਦਾ ਮਾਸਟਰ ਮਾਈਂਡ ਅਮਨਦੀਪ ਸਿੰਘ ਉਰਫ ਸੰਨੀ ਨਾਰੰਗ ਸੀ। ਸੁਮਨ ਮੁਟਨੇਜਾ ਨੂੰ ਅਗਵਾ ਕਰਨ ਤੋਂ ਬਾਅਦ ਪਹਿਲੀ ਰਾਤ ਨੂੰ ਹੀ ਉਸ ਦਾ ਕਤਲ ਕਰ ਕੇ ਨਹਿਰ ਵਿੱਚ ਸੁੱਟ ਦਿੱਤਾ। ਉਸ ਤੋਂ ਬਾਅਦ ਇਹ ਗੰਗਾਨਗਰ ਦੀ ਤਹਿਸੀਲ ਪਦਮਪੁਰ ਨੇੜੇ ਅਮਨਦੀਪ ਦੇ ਮਾਮਾ ਸਤਨਾਮ ਸਿੰਘ ਕੋਲ ਚਲੇ ਗਏ। ਇਥੋਂ ਇਹ ਸਵੇਰੇ ਨਿਕਲ ਕੇ ਪੰਜ-ਸੱਤ ਕਿਲੋਮੀਟਰ ਜਾ ਕੇ ਫਿਰੌਤੀ ਲੈਣ ਲਈ ਕਾਲ ਕਰਦੇ ਅਤੇ ਫੇਰ ਫ਼ੋਨ ਬੰਦ ਕਰ ਲੈਂਦੇ। ਇਨ੍ਹਾਂ ਪਹਿਲਾਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ । ਫਿਰ ਪੰਜਾਹ ਲੱਖ ਅਤੇ ਫਿਰ ਬੱਤੀ ਤੇਤੀ ਲੱਖ ਰੁਪਏ ਮੰਗ ਰਹੇ ਸਨ ।
ਸੁਮਨ ਮੁਟਨੇਜਾ ਦੇ ਜਿਉਂਦੇ ਹੋਣ ਦੀਆਂ ਵੀਡੀਉ ਕਾਲ ਰਿਕਾਰਡਿੰਗ ਆਉਣ ਨਾਲ ਪਰਿਵਾਰ ਸਮਝ ਰਿਹਾ ਸੀ ਕੇ ਉਹ ਅਜੇ ਜ਼ਿੰਦਾ ਹੈ। ਇਸ ਦੌਰਾਨ ਹੀ ਪੁਲਿਸ ਨੂੰ ਮ੍ਰਿਤਕ ਦੀ ਲਾਸ਼ ਮਿਲਣ ਤੋਂ ਬਾਅਦ ਟੈਕਨੀਕਲ ਟੀਮ ਦਾ ਸਾਰੇ ਕਾਂਡ ਨਾਲ ਮਿਲਾਨ ਹੋਣ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਵਿੱਚ ਮੁਜਰਮ ਅਮਨਦੀਪ ਸਿੰਘ ਉਰਫ ਸੰਨੀ ਪੁੱਤਰ ਅਮਰੀਕ ਸਿੰਘ ਵਾਸੀ ਚੱਕ ਅਰਨੀਵਾਲਾ ਹਾਲ ਆਬਾਦ ਨਵੀਂ ਕਾਲੋਨੀ ਮੰਨੇ ਵਾਲਾ ਰੋਡ ਜਲਾਲਾਬਾਦ, ਦਵਿੰਦਰ ਸਿੰਘ ਉਰਫ ਦੀਪੂ ਪੁੱਤਰ ਮਹਿੰਦਰ ਸਿੰਘ ਵਾਸੀ ਗਲੀ ਨੰਬਰ 5 ਦਸ਼ਮੇਸ਼ ਨਗਰੀ ਜਲਾਲਾਬਾਦ, ਪ੍ਰਗਟ ਸਿੰਘ ਹੋਰ ਸੁਪਰੀਕ ਪੁੱਤਰ ਕਿਸ਼ਨ ਸਿੰਘ ਵਾਸੀ ਜਮਾਲਗੜ੍ਹ ਛੀਬਿਆਂ ਵਾਲਾ, ਸੁਖਪਾਲ ਸਿੰਘ ਉਰਫ਼ ਪਾਲਾ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੱਕ ਵੈਰੋਕੇ ਹਾਲ ਆਬਾਦ ਮਤੀ ਦਾਸ ਕਾਲੋਨੀ ਜਲਾਲਾਬਾਦ, ਸਤਨਾਮ ਸਿੰਘ ਉਰਫ ਮੱਕੜ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ ਤਿੰਨ ਪਦਮਪੁਰ ਰਾਜਸਥਾਨ, ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਚਾਨਣ ਰਾਮ ਥਾਣਾ ਪਦਮਪੁਰ ਰਾਜਸਥਾਨ ਨਾਮਜ਼ਦ ਹੋਏ ਹਨ ।
ਇਸ ਕਾਂਡ ਦਾ ਮੁੱਖ ਸਾਜਿਸ਼ ਕਰਤਾ ਅਮਨਦੀਪ ਸਿੰਘ ਅਤੇ ਸਾਥੀਆਂ ਨੇ ਪੁਲਿਸ ਕੋਲ ਮੰਨਿਆ ਕਿ ਘੜੀ ਗਈ ਸਾਜ਼ਿਸ਼ ਅਨੁਸਾਰ ਜਲਾਲਾਬਾਦ ਤੋਂ ਸੁਮਨ ਕੁਮਾਰ ਦੇ ਪਿੰਡ ਵੱਲ ਜਾਂਦੀ ਮੁੱਖ ਸੜਕ ਉੱਪਰ ਕਾਰ ਦਾ ਬੋਰਨਟ ਚੁੱਕ ਕੇ ਰੋਕ ਦਿੱਤੀ। ਜਦੋਂ ਕੋਲੋਂ ਸੁਮਨ ਮੁਟਨੇਜਾ ਲੰਘ ਰਿਹਾ ਸੀ ਤਾਂ ਉਸ ਨੂੰ ਹੱਥ ਦੇ ਕੇ ਰੋਕਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਸੁਮਨ ਮੁਟਨੇਜਾ ਦੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਉਸ ਦੀ ਕਾਰ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ। ਉਸ ਦੇ ਹੱਥ ਅਤੇ ਪੈਰ ਬੰਨ੍ਹ ਕੇ ਲਾਸ਼ ਨੂੰ ਗੰਗ ਕੈਨਾਲ ਨਹਿਰ ਵਿੱਚ ਸੁੱਟ ਦਿੱਤਾ ।