ਬਠਿੰਡਾ, (ਸੱਚੀ ਕਲਮ ਬਿਊਰੋ) : ਭਾਵੇਂ ਬਾਕੀ ਪਾਰਟੀਆਂ ਦੇ ਉਮੀਦਵਾਰ ਜਾਂ ਸੰਭਾਵੀ ਉਮੀਦਵਾਰ ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਲੋਕ ਸਭਾ ਹਲਕੇ ਵਿਚ ਪ੍ਰਚਾਰ ਕਰਨ ਲਈ ਰੁਝੇ ਹੋਏ ਹਨ ਪਰ ਕਾਂਗਰਸ ਪਾਰਟੀ ਵਲੋਂ ਜਿਵੇਂ ਹੀ ਰਾਜਾ ਵੜਿੰਗ ਦਾ ਨਾਂ ਐਲਾਨਿਆ ਗਿਆ ਤਾਂ ਉਹ ਹਲਕੇ ਅੰਦਰ ਸਰਗਰਮ ਹੋ ਗਏ ਹਨ। ਉਨ੍ਹਾਂ ਪ੍ਰਚਾਰ ਦਾ ਅਨੋਖਾ ਤਰੀਕਾ ਅਪਣਾਇਆ ਹੈ। ਰਾਜਾ ਵੜਿੰਗ ਨੇ ਐਤਵਾਰ ਦੀ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਇਕ ਮਜ਼ਦੂਰ ਦੇ ਘਰ ਕੱਟੀ। ਉਹ ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਐਤਵਾਰ ਰਾਤ ਕਰੀਬ ਦਸ ਵਜੇ ਉਕਤ ਮਜ਼ਦੂਰ ਦੇ ਘਰ ਪੁੱਜੇ। ਜਿਥੇ ਉਨ੍ਹਾਂ ਚੁੱਲ੍ਹੇ ਅੱਗੇ ਬੈਠ ਕੇ ਛੋਲੀਏ ਦੀ ਸਬਜ਼ੀ ਨਾਲ ਰੋਟੀ ਖਾਧੀ। ਉਨ੍ਹਾਂ ਇਸ ਮੌਕੇ ਕਿਹਾ ਕਿ ਉਕਤ ਮਜ਼ਦੂਰ ਪਰਵਾਰ ਦੇ 12 ਮੈਂਬਰ ਇਕ ਛੋਟੇ ਜਿਹੇ ਦੋ ਕਮਰਿਆਂ ਦੇ ਮਕਾਨ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕੁੱਤਿਆਂ ਤੇ ਘੋੜਿਆਂ ਨੂੰ ਏਅਰ ਕੰਡੀਸ਼ਨ ਲੱਗੇ ਹੋਏ ਪਰ ਬਾਦਲ ਪਿੰਡ ਦੇ ਗ਼ਰੀਬ ਲੋਕ ਬਿਨਾਂ ਪੱਖਿਆਂ ਤੋਂ ਦਿਨ ਕਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਅਕਸਰ ਕਿਹਾ ਕਰਦਾ ਹੈ ਕਿ ਉਹ ਤਾਂ ਲੋਕਾਂ 'ਚ ਵਿਚਰਦੇ ਹਲ ਪਰ ਜੇਕਰ ਉਹ ਅਪਣੇ ਪਿੰਡ ਦੀ ਹਾਲਤ ਵੀ ਨਹੀਂ ਸੁਧਾਰ ਸਕੇ ਤਾਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬਾਕੀ ਪੰਜਾਬ ਵਾਸੀਆਂ ਵਿਚ ਕਿੰਨਾ ਕੁ ਵਿਚਰਦੇ ਹੋਣਗੇ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਦੇ ਵੀ ਆਮ ਤੇ ਗ਼ਰੀਬ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨਹੀਂ ਜਾਣਿਆ, ਇਹੀ ਕਾਰਨ ਹੈ ਕਿ ਪੰਜਾਬ ਤਾਂ ਦੂਰ ਸਗੋਂ ਉਹ ਅਪਣੇ ਪਿੰਡ ਦੇ ਗ਼ਰੀਬ ਲੋਕਾਂ ਦਾ ਵੀ ਕੋਈ ਫ਼ਾਇਦਾ ਨਹੀਂ ਕਰ ਸਕੇ। ਵੜਿੰਗ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਖੇਤਾਂ ਵਿਚ ਟਰੈਕਟਰ ਚਲਾਉਂਦੇ ਸਨ ਤਾਂ ਉਸ ਦੇ ਪਿੱਛੇ ਸੁਹਾਗੇ 'ਤੇ ਬੈਠਣ ਵਾਲੇ ਲੋਕ ਅਜੇ ਵੀ ਉਸੇ ਤਰ੍ਹਾਂ ਹਨ ਪਰ ਬਾਦਲ ਟਰੈਕਟਰ ਤੋਂ ਜਹਾਜ਼ਾਂ ਤਕ ਪੁੱਜ ਗਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਪਰਵਾਰ ਨੌਕਰੀਆਂ ਦੇਣ ਦਾ ਡਰਾਮਾ ਕਰਦਾ ਹੈ ਜਦਕਿ ਸਚਾਈ ਇਹ ਹੈ ਕਿ ਬਾਦਲ ਨੇ ਅਪਣੇ ਪਿੰਡ ਦੇ ਇਕ ਵੀ ਗ਼ਰੀਬ ਨੂੰ ਵੀ ਨੌਕਰੀ ਨਹੀਂ ਦਿਤੀ ਤੇ ਹੋਰ ਸੂਬਾ ਵਾਸੀਆਂ ਦੀ ਗੱਲ ਤਾਂ ਦੂਰ ਹੈ। ਉਨ੍ਹਾਂ ਕਿਹਾ ਕਿ ਬਾਦਲ ਪਿੰਡ ਦੇ ਵਾਸੀਆਂ ਨੂੰ ਬਾਦਲ ਦੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਕੀ ਫਾਇਦਾ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਵਾਰ ਕਿਸੇ ਨੂੰ 30 ਹਜ਼ਾਰ ਰੁਪਏ ਦੀ ਨੌਕਰੀ ਦਿਵਾਉਣ ਦੀ ਬਜਾਏ ਵੋਟਾਂ ਵੇਲੇ ਪੈਸੇ ਦੇਣ ਨੂੰ ਪਹਿਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪਰਵਾਰ ਸਚਮੁੱਚ ਗ਼ਰੀਬਾਂ ਦਾ ਹਿਤੈਸ਼ੀ ਹੁੰਦਾ ਤਾਂ ਅਪਣੀਆਂ ਤਿਜੌਰੀਆਂ ਭਰਨ ਤੋਂ ਪਹਿਲਾਂ ਅਪਣੇ ਪਿੰਡ ਦੇ ਗ਼ਰੀਬਾਂ ਬਾਰੇ ਸੋਚਦਾ।