ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਪਹਿਲਕਾਰ ਰਣਨੀਤੀ ਅਤੇ ਬਿਹਤਰ ਕੁਨੈਕਟੀਵਿਟੀ ਨਾਲ ਖਪਤਕਾਰਾਂ ਨੂੰ ਲਗਾਤਾਰ ਆਕਰਸ਼ਿਤ ਕਰ ਰਹੀ ਹੈ ਅਤੇ ਜੂਨ ਤੱਕ 35.33 ਫੀਸਦੀ ਬਾਜ਼ਾਰ ਹਿੱਸੇ ਨਾਲ ਦਿੱਲੀ ਸਰਕਲ 'ਚ ਆਪਣੀ ਧਾਕ ਬਣਾਏ ਰਹੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਸਰਕਲ 'ਚ ਰਿਲਾਇੰਸ ਜੀਓ ਦੇ ਨੈੱਟਵਰਕ ਨਾਲ ਜੂਨ ਦੇ ਆਖਿਰ ਤੱਕ 1 ਕਰੋੜ 83 ਲੱਖ ਤੋਂ ਜ਼ਿਆਦਾ ਗਾਹਕ ਜੁੜੇ ਹੋਏ ਸਨ ਅਤੇ 35.33 ਫ਼ੀ ਸਦੀ ਮਾਰਕੀਟ ਸ਼ੇਅਰ ਦੇ ਨਾਲ ਕੰਪਨੀ ਦੀ ਬਾਦਸ਼ਾਹੀ ਬਣੀ ਹੋਈ ਹੈ। ਦਿੱਲੀ ਸਰਕਲ 'ਚ ਰਾਜਧਾਨੀ ਤੋਂ ਇਲਾਵਾ ਹਰਿਆਣੇ ਦੇ ਗੁਰੂਗ੍ਰਾਮ, ਫਰੀਦਾਬਾਦ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਅਤੇ ਗਾਜੀਆਬਾਦ ਜ਼ਿਲ੍ਹੇ ਆਉਂਦੇ ਹਨ। ਸਾਲ ਦੀ ਸ਼ੁਰੂਆਤ 'ਚ ਹੀ ਰਿਲਾਇੰਸ ਜੀਓ ਨੇ ਵੋਡਾ-ਆਈਡੀਆ ਨੂੰ ਪਟਕਨੀ ਦੇ ਕੇ ਦਿੱਲੀ ਸਰਕਲ 'ਚ ਨੰਬਰ ਵਨ ਦੀ ਪੁਜ਼ੀਸ਼ਨ ਹਾਸਲ ਕੀਤੀ ਸੀ। ਜਨਵਰੀ ਤੋਂ ਜੂਨ ਤੱਕ ਯਾਨੀ ਪਹਿਲੇ 6 ਮਹੀਨਿਆਂ 'ਚ ਰਿਲਾਇੰਸ ਜੀਓ ਨੇ ਕਰੀਬ 9.03 ਲੱਖ ਗਾਹਕ ਜੋੜ ਕੇ ਆਪਣੀ ਹਾਲਤ ਨੂੰ ਹੋਰ ਮਜ਼ਬੂਤ ਕੀਤਾ। ਦਿੱਲੀ ਸਰਕਲ 'ਚ ਨੰਬਰ 2 'ਤੇ ਕਾਬਿਜ਼ ਵੋਡਾ-ਆਈਡੀਆ ਤੋਂ ਰਿਲਾਇੰਸ ਜੀਓ ਦੇ ਕਰੀਬ 20 ਲੱਖ ਗਾਹਕ ਜ਼ਿਆਦਾ ਹਨ।
ਗਾਹਕ ਗਿਣਤੀ ਦੀ ਦੌੜ 'ਚ ਭਾਰਤੀ ਏਅਰਟੈੱਲ ਤੀਜੇ ਨੰਬਰ 'ਤੇ ਪੱਛੜ ਗਈ ਹੈ। ਉਹ ਰਿਲਾਇੰਸ ਜੀਓ ਤੋਂ 33 ਲੱਖ 40 ਹਜ਼ਾਰ ਅਤੇ ਵੋਡਾ ਆਈਡੀਆ ਤੋਂ ਕਰੀਬ 13.70 ਲੱਖ ਗਾਹਕ ਪਿੱਛੇ ਹੈ। ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ ਯਾਨੀ ਜਨਵਰੀ ਤੋਂ ਜੂਨ ਦੌਰਾਨ ਦਿੱਲੀ ਸਰਕਲ 'ਚ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੇ 18 ਲੱਖ 8 ਹਜ਼ਾਰ ਤੋਂ ਜ਼ਿਆਦਾ ਮੋਬਾਇਲ ਫੋਨ ਗਾਹਕਾਂ ਨੇ ਆਪਣੇ ਸਿਮ ਬੰਦ ਕਰ ਦਿੱਤੇ।