ਚੰਡੀਗੜ੍ਹ : ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਲੋਂ ਸੂਬੇ ਭਰ ਵਿਚ ਰੇਲ ਪਟੜੀਆਂ, ਖ਼ਾਸ ਕਰਕੇ ਦਿੱਲੀ ਨੂੰ ਜਾਣ ਵਾਲੀਆਂ ਰੇਲ ਪਟੜੀਆਂ 'ਤੇ ਧਰਨੇ ਲਗਾ ਦਿੱਤੇ। ਕਿਸਾਨ ਸੰਗਠਨ ਦੇ ਐਲਾਨ ਮੁਤਾਬਿਕ ਵੀਰਵਾਰ ਨੂੰ ਸ਼ੁਰੂ ਹੋਏ ਇਹ ਧਰਨੇ 48 ਘੰਟੇ ਚੱਲਣਗੇ ਅਤੇ ਅਗਲੀ ਰਣਨੀਤੀ ਬਾਅਦ 'ਚ ਐਲਾਨ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਪਾਰਲੀਮੈਂਟ 'ਚ ਵੀ ਧੱਕੇ ਨਾਲ ਪਾਸ ਕਰ ਕੇ ਖੇਤੀ 'ਤੇ ਸਾਮਰਾਜੀ ਕਾਰਪੋਰੇਟਾਂ ਦਾ ਮੁਕੰਮਲ ਕਬਜ਼ਾ ਕਰਾਉਣ 'ਤੇ ਉਤਾਰੂ ਮੋਦੀ ਭਾਜਪਾ ਹਕੂਮਤ ਵਿਰੁਧ ਤਿੱਖਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਸ਼ੁਰੂ ਕੀਤੇ ਗਏ 48 ਘੰਟਿਆਂ ਦੇ ਰੇਲ ਜਾਮ ਦੀ ਹਮਾਇਤ 'ਚ ਤਾਲਮੇਲ ਵਜੋਂ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਮਾਨਸਾ, ਬਰਨਾਲਾ, ਨਾਭਾ (ਪਟਿਆਲਾ) ਤੇ ਛਾਜਲੀ (ਸੰਗਰੂਰ) ਵਿਖੇ ਦਿੱਲੀ ਵਾਲੇ ਰੇਲਵੇ ਰੂਟਾਂ 'ਤੇ ਦਿਨ ਰਾਤ ਦੇ ਧਰਨੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਇਲਾਵਾ ਸਾਥੀ ਜੱਥੇਬੰਦੀਆਂ ਵਲੋਂ ਦੇਵੀਦਾਸਪੁਰਾ (ਜਲੰਧਰ) ਅਤੇ ਫਿਰੋਜ਼ਪੁਰ ਵਿਖੇ ਵੀ ਰੇਲ ਜਾਮ ਧਰਨੇ ਲਾਏ ਗਏ।
ਇਹ ਵੀ ਪੜ੍ਹੋ : ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਨਾਲ ਕਿਸਾਨ ਮਾਲਾਮਾਲ
ਕੋਕਰੀਕਲਾਂ ਨੇ ਕਿਹਾ ਕਿ ਪੂਰੇ ਪੰਜਾਬ 'ਚ ਮੋਦੀ ਭਾਜਪਾ ਹਕੂਮਤ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਜਥੇਬੰਦੀ ਦੇ ਦਾਇਰੇ ਤੋਂ ਬਾਹਰਲੇ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਵੀ ਜੱਥੇ ਲੈ ਕੇ ਧਰਨਿਆਂ 'ਚ ਸ਼ਾਮਲ ਹੋਏ। ਭਾਰੀ ਗਿਣਤੀ 'ਚ ਨੌਜਵਾਨਾਂ ਤੇ ਜਨਾਨੀਆਂ ਸਮੇਤ ਥਾਂ-ਥਾਂ ਸੈਂਕੜਿਆਂ ਦੀ ਗਿਣਤੀ 'ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਸਵਿੰਦਰ ਸਿੰਘ ਲੌਂਗੋਵਾਲ, ਰਾਮ ਸਿੰਘ ਭੈਣੀਬਾਘਾ, ਰਾਜਵਿੰਦਰ ਸਿੰਘ ਰਾਮਨਗਰ, ਕਮਲਜੀਤ ਕੌਰ, ਹਰਪ੍ਰੀਤ ਕੌਰ ਜੇਠੂਕੇ, ਚਮਕੌਰ ਸਿੰਘ ਨੈਣੇਵਾਲ, ਸਤਵਿੰਦਰ ਕੌਰ ਸ਼ਾਦੀਹਰੀਕੇ, ਸਨੇਹਦੀਪ, ਅਮਰੀਕ ਸਿੰਘ ਗੰਢੂਆਂ, ਮਨਜੀਤ ਸਿੰਘ ਨਿਆਲ ਸ਼ਾਮਲ ਸਨ।
ਇਹ ਵੀ ਪੜ੍ਹੋ : ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਨਾਲ ਕਿਸਾਨ ਮਾਲਾਮਾਲ
ਪ੍ਰਧਾਨ ਮੰਤਰੀ ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ 'ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨੇ ਮੋਦੀ-ਭਗਤਾਂ ਨੂੰ ਥਾਂ-ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।
ਉਨ੍ਹਾਂ ਕਿਹਾ ਕਿ 31 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਜਥੇਬੰਦੀ ਦੇ ਹਜ਼ਾਰਾਂ ਵਲੰਟੀਅਰ ਮੋਟਰਸਾਈਕਲ ਕਾਫਲਿਆਂ ਰਾਹੀਂ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਸਪੀਕਰਾਂ ਤੇ ਹੋਕੇ ਅੱਜ ਵੀ ਲਾ ਰਹੇ ਹਨ। ਬੰਦ ਨੂੰ ਦੁਕਾਨਦਾਰਾਂ ਸਮੇਤ ਹਰ ਵਰਗ ਦੇ ਕਿਰਤੀਆਂ, ਕਲਾਕਾਰਾਂ, ਵਪਾਰੀਆਂ ਤੇ ਸਮਾਜਿਕ/ ਧਾਰਮਿਕ/ ਸੰਸਥਾਵਾਂ /ਕਲੱਬਾਂ ਤੋਂ ਇਲਾਵਾ ਪਾਰਟੀ ਹਿਤਾਂ ਤੋਂ ਉਪਰ ਉੱਠੇ ਪੰਚਾਂ ਸਰਪੰਚਾਂ ਤੇ ਹੋਰ ਮੁਹਤਬਰਾਂ ਵਲੋਂ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਬੰਦ ਦੀ ਕਾਮਯਾਬੀ ਲਈ ਦੁਕਾਨਦਾਰਾਂ ਦੇ ਨਾਂ ਅਪੀਲ ਵਾਲਾ ਹੱਥ ਪਰਚਾ ਵੀ ਹਜ਼ਾਰਾਂ ਦੀ ਗਿਣਤੀ 'ਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਆਗੂ ਜਥੇਬੰਦੀ ਦੇ ਧਰਨਿਆਂ ਵਿਚ ਆਉਣ ਦੀ ਖੇਚਲ ਨਾ ਕਰੇ। ਕੋਈ ਆਮ ਪਾਰਟੀ ਕਾਰਕੁੰਨ ਵੀ ਪਾਰਟੀ ਝੰਡਾ ਨਾ ਲੈ ਕੇ ਆਵੇ। ਉਨ੍ਹਾਂ ਨੇ ਐਲਾਨ ਕੀਤਾ ਕਿ ਅੱਜ ਵਾਲੇ ਰੇਲ ਜਾਮ ਤਾਂ 48 ਘੰਟੇ ਜਾਰੀ ਰਹਿਣਗੇ ਸਗੋਂ ਬੰਦ ਤੋਂ ਅਗਲੇ ਦਿਨ ਹੋਰ ਵੀ ਕਈ ਜ਼ਿਲ੍ਹਿਆਂ 'ਚ ਲਾਏ ਜਾਣਗੇ। ਉਸ ਤੋਂ ਅਗਲੇ ਪੜਾਅ 'ਤੇ ਪਹਿਲੀ ਅਕਤੂਬਰ ਤੋਂ 31 ਜਥੇਬੰਦੀਆਂ ਦੇ ਸੱਦੇ 'ਤੇ ਅਣਮਿਥੇ ਸਮੇਂ ਲਈ ਲਾਏ ਜਾਣ ਵਾਲੇ ਰੇਲ ਜਾਮ ਵੀ ਪੂਰੀ ਤਰਾਂ ਕਾਮਯਾਬ ਕੀਤੇ ਜਾਣਗੇ। ਸ਼ਹੀਦੇਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ 28 ਸਤੰਬਰ ਨੂੰ ਪਿੰਡ ਪਿੰਡ ਭਰਵੀਆਂ ਨੌਜਵਾਨ ਮੀਟਿੰਗਾਂ ਕਰ ਕੇ ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਨਾਲ ਕਿਸਾਨ ਮਾਲਾਮਾਲ
ਇਸ ਤੋਂ ਇਲਾਵਾ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਬੰਦ ਦੇ ਸਬੰਧ 'ਚ ਸਾਰੇ ਜ਼ਿਲ੍ਹਿਆ ਦੇ ਅਫ਼ਸਰਾਂ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਨਾ ਕਰਨ ਦਿੱਤੀ ਜਾਵੇ ਅਤੇ ਧਰਨਕਾਰੀਆਂ ਨੂੰ ਸੜਕਾਂ ਨਾ ਰੋਕਣ ਦਿੱਤੀਆਂ ਜਾਣ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ ਬੰਦ ਦੇ ਸੰਬੰਧ ਵਿਚ ਸਾਰੇ ਜ਼ਿਲਿਆਂ ਦੇ ਅਫ਼ਸਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਕਿਸੇ ਨੂੰ ਵੀ ਸ਼ਾਂਤੀ ਨਾ ਭੰਗ ਕਰਨ ਦਿੱਤੀ ਜਾਵੇ ਅਤੇ ਧਰਨਾਕਾਰੀਆਂ ਨੂੰ ਸੜਕਾਂ ਨਾ ਰੋਕਣ ਦਿੱਤੀਆਂ ਜਾਣ।