ਆਬੂ ਧਾਬੀ : ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਆਬੂ ਧਾਬੀ 'ਚ IPL -13 ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਚੇਨਈ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਦੀ ਟੀਮ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ।
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਪਹਿਲੇ ਮੈਚ 'ਚ ਕੁਝ ਖਾਸ ਨਹੀਂ ਕਰ ਸਕੇ ਅਤੇ ਉਸ ਨੇ 10 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾਈਆਂ। ਵਿਕਟਕੀਪਰ ਡੀ ਕੌਕ ਨੇ 20 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਦਾ ਯੋਗਦਾਨ ਦਿੱਤਾ। ਕੋਰੋਨਾ ਮਹਾਮਾਰੀ ਦੇ ਕਾਰਨ IPL ਦਾ ਆਯੋਜਨ ਇਸ ਵਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਆਬੂ ਧਾਬੀ ਵਿਚ ਹੋ ਰਿਹਾ ਹੈ। ਆਈ. ਪੀ. ਐੱਲ. ਦੇ ਇਤਿਹਾਸ ਵਿਚ ਇਹ ਤੀਜਾ ਮੌਕਾ ਹੈ ਜਦੋਂ ਇਸ ਟੀ-20 ਟੂਰਨਾਮੈਂਟ ਦਾ ਆਯੋਜਨ ਵਿਦੇਸ਼ੀ ਧਰਤੀ 'ਤੇ ਹੋ ਰਿਹਾ ਹੈ। ਟੂਰਨਾਮੈਂਟ ਦਾ ਫਾਈਨਲ ਮੈਚ 10 ਨਵੰਬਰ ਨੂੰ ਹੋਵੇਗਾ।