ਵੈਲਿੰਗਟਨ : ਕੋਰੋਨਾ ਵਾਇਰਸ ਤੋਂ ਬਚਣ ਲਈ ਵਾਧੂ ਬਚਾਅ ਉਪਾਅ ਅਪਣਾਉਂਦੇ ਹੋਏ ਕਈ ਮਹੀਨਿਆਂ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਅਮਰੀਕੀ ਉਡਾਣ ਅੰਟਾਰਕਟਿਕਾ ਪਹੁੰਚੀ। ਅੰਟਾਰਟਿਕਾ ਪਹਿਲਾ ਅਜਿਹਾ ਮਹਾਦੀਪ ਹੈ ਜਿੱਥੇ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਹੈ ਅਤੇ ਇਹ ਯਕੀਨੀ ਕੀਤਾ ਗਿਆ ਹੈ ਕਿ ਇਥੇ ਆਉਣ ਵਾਲੇ ਵਿਗਿਆਨੀ ਅਤੇ ਕਰਮਚਾਰੀ ਅਪਣੇ ਨਾਲ ਇਹ ਜਾਨਲੇਵਾ ਬਿਮਾਰੀ ਨਾ ਲਿਆਉਣ।
ਅੰਟਾਰਕਟਿਕ ਪਹਿਲਾ ਮਹਾਂਦੀਪ ਹੈ ਜਿਥੇ ਨਹੀਂ ਹੈ ਕੋਰੋਨਾ
ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਏਜੰਸੀ ਦੇ ਮੁਤਾਬਕ, ਕਰੀਬ 1, 000 ਵਿਗਿਆਨੀ ਅਤੇ ਹੋਰ ਲੋਕ ਇਸ ਬਰਫੀਲੀ ਜਗ੍ਹਾ 'ਤੇ ਰਹਿੰਦੇ ਹਨ। ਜਿਹਨਾਂ ਨੇ ਕਈ ਮਹੀਨਿਆਂ ਦੇ ਬਾਅਦ ਹੁਣ ਸੂਰਜ ਦੇਖਿਆ ਹੈ। ਨਿਊਜ਼ੀਲੈਂਡ ਵਿਚ ਅਮਰੀਕੀ ਅੰਟਾਰਕਟਿਕ ਪ੍ਰੋਗਰਾਮ ਦੇ ਮੈਂਬਰ ਟੋਨੀ ਜਰਮਨ ਨੇ ਦਸਿਆ ਕਿ ਅਮਰੀਕੀ ਹਵਾਈ ਫ਼ੌਜ ਦੀ ਉਡਾਣ ਸੋਮਵਾਰ ਨੂੰ 106 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਕ੍ਰਾਈਸਟਚਰਚ ਦੇ ਗੇਟਵੇਅ ਸ਼ਹਿਰ ਤੋਂ ਰਵਾਨਾ ਹੋਈ। ਉਨ੍ਹਾਂ ਦਸਿਆ ਕਿ ਵੱਡੇ ਤੂਫ਼ਾਨਾਂ ਕਾਰਨ ਤਿੰਨ ਹਫ਼ਤੇ ਦੀ ਦੇਰੀ ਹੋਈ। ਉਨ੍ਹਾਂ ਦਸਿਆ ਕਿ ਚਾਲਕ ਦਲ ਦੇ ਮੈਂਬਰ ਚਾਰ ਦਿਨਾਂ ਲਈ ਸੈਨ ਫ੍ਰਾਂਸਿਸਕੋ ਵਿਚ ਇਕਾਂਤਵਾਸ ਵਿਚ ਸਨ ਅਤੇ ਫਿਰ ਨਿਊਜ਼ੀਲੈਂਡ ਵਿਚ ਪੰਜ ਹਫ਼ਤੇ ਇਕਾਂਤਵਾਸ ਵਿਚ ਰਹੇ।