ਨਵੀਂ ਦਿੱਲੀ : ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਲੋਂ ਲਗਾਏ ਗਏ ਇਕ ਰੁਪਏ ਦੇ ਜੁਰਮਾਨੇ ਨੂੰ ਭਰ ਦਿਤਾ ਹੈ। ਪ੍ਰਸ਼ਾਂਤ ਭੂਸ਼ਣ ਨੇ ਇਸ ਮੌਕੇ ਕਿਹਾ ਕਿ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਉਨ੍ਹਾਂ 'ਤੇ ਲਗਾਏ ਗਏ ਇਕ ਰੁਪਏ ਦਾ ਜੁਰਮਾਨਾ ਭਰਨ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਫ਼ੈਸਲਾ ਸਵੀਕਾਰ ਕਰ ਲਿਆ ਹੈ ਅਤੇ ਉਹ ਇਸ 'ਤੇ ਮੁੜ ਵਿਚਾਰ ਲਈ ਪਟੀਸ਼ਨ ਦਾਇਰ ਕਰਨਗੇ।
ਭੂਸ਼ਣ ਦੇ 2 ਟਵੀਟਸ ਨੂੰ ਕੋਰਟ ਦੀ ਮਾਣਹਾਨੀ ਦੇ ਰੂਪ 'ਚ ਦੇਖਿਆ ਗਿਆ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ 'ਤੇ ਇਕ ਰੁਪਏ ਦਾ ਸੰਕੇਤਕ ਜੁਰਮਾਨਾ ਲਗਾਇਆ ਸੀ। ਸੁਪਰੀਮ ਕੋਰਟ ਦੀ ਰਜਿਸਟਰੀ 'ਚ ਜੁਰਮਾਨਾ ਜਮ੍ਹਾਂ ਕਰਨ ਵਾਲੇ ਭੂਸ਼ਣ ਨੇ ਕਿਹਾ ਕਿ ਜੁਰਮਾਨਾ ਭਰਨ ਲਈ ਉਨ੍ਹਾਂ ਨੂੰ ਦੇਸ਼ ਦੇ ਕਈ ਕੋਨਿਆਂ ਤੋਂ ਯੋਗਦਾਨ ਮਿਲਿਆ ਹੈ ਅਤੇ ਇਸ ਤਰ੍ਹਾਂ ਦੇ ਯੋਗਦਾਨ ਨਾਲ ਅਜਿਹਾ 'ਤਰੁੱਥ ਫ਼ੰਡ' (ਸੱਚ ਫ਼ੰਡ) ਬਣਾਇਆ ਜਾਵੇਗਾ, ਜੋ ਉਨ੍ਹਾਂ ਲੋਕਾਂ ਦੀ ਕਾਨੂੰਨੀ ਮਦ ਕਰੇਗਾ, ਜਿਨ੍ਹਾਂ 'ਤੇ ਅਸਹਿਮਤੀਪੂਰਨ ਰਾਏ ਜ਼ਾਹਰ ਕਰਨ ਲਈ ਮੁਕੱਦਮਾ ਚਲਾਇਆ ਜਾਂਦਾ ਹੈ।
ਭੂਸ਼ਣ ਨੇ ਜੁਰਮਾਨਾ ਭਰਨ ਤੋਂ ਬਾਅਦ ਮੀਡੀਆ ਨੂੰ ਕਿਹਾ, ਕਿ ਅਸੀਂ ਅੱਜ ਇਕ ਮੁੜ ਵਿਚਾਰ ਪਟੀਸ਼ਨ ਦਾਇਰ ਕਰ ਰਹੇ ਹਾਂ। ਅਸੀਂ ਇਕ ਰਿਟ ਪਟੀਸ਼ਨ ਦਾਇਰ ਕੀਤੀ ਹੈ ਕਿ ਮਾਣਹਾਨੀ ਦੇ ਅਧੀਨ ਸਜ਼ਾ ਲਈ ਅਪੀਲ ਦੀ ਪ੍ਰਕਿਰਿਆ ਬਣਾਈ ਜਾਣੀ ਚਾਹੀਦੀ ਹੈ।'' ਵਕੀਲ ਦੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਦਿੱਲੀ ਦੰਗਿਆਂ 'ਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰੀ 'ਤੇ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਆਲੋਚਨਾ ਬੰਦ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਸੁਪਰੀਮ ਕੋਰਟ ਨੇ ਜੱਜ ਦੇ ਪ੍ਰਤੀ ਅਪਮਾਨਜਨਕ ਟਵੀਟ ਕਰਨ ਕਾਰਨ ਅਪਰਾਧਕ ਮਾਣਹਾਨੀ ਦੇ ਦੋਸ਼ੀ ਭੂਸ਼ਣ 'ਤੇ ਇਕ ਰੁਪਏ ਦਾ ਸੰਕੇਤਕ ਜੁਰਮਾਨਾ ਲਗਾਇਆ ਸੀ। ਕੋਰਟ ਨੇ ਕਿਹਾ ਸੀ ਕਿ ਭੂਸ਼ਣ ਨੂੰ ਜੁਰਮਾਨੇ ਦੀ ਇਕ ਰੁਪਏ ਦੀ ਰਾਸ਼ੀ 15 ਸਤੰਬਰ ਤਕ ਜਮ੍ਹਾਂ ਕਰਵਾਉਣ ਹੋਵੇਗੀ ਅਤੇ ਅਜਿਹਾ ਨਹੀਂ ਕਰਨ 'ਤੇ ਉਨ੍ਹਾਂ ਨੂੰ 3 ਮਹੀਨਿਆਂ ਦੀ ਕੈਦ ਭੁਗਤਣੀ ਹੋਵੇਗੀਅਤੇ ਤਿੰਨ ਸਾਲ ਲਈ ਵਕਾਲਤ ਕਰਨ 'ਤੇ ਪਾਬੰਦੀ ਰਹੇਗੀ।