ਚੰਡੀਗੜ: ਲੰਬੀ ਉਡੀਕ ਮਗਰੋਂ ਚੰਡੀਗੜ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ 16 ਸਤੰਬਰ ਤੋਂ ਪੰਜਾਬ ਅਤੇ ਹਰਿਆਣਾ ਦੇ 16 ਜ਼ਿਲਿਆਂ ਲਈ ਬੱਸਾਂ ਚਲਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਨਾਂ ਬੱਸਾਂ ਵਿੱਚ ਫਿਲਹਾਲ 50 ਫੀਸਦੀ ਸਵਾਰੀਆਂ ਹੀ ਬੈਠਾਈਆਂ ਜਾ ਸਕਣਗੀਆਂ। ਟਿਕਟਾਂ ਆਨਲਾਈਨ ਜਾਂ ਫਿਰ ਬੱਸ 'ਚ ਹੀ ਖਰੀਦੀਆਂ ਜਾ ਸਕਣਗੀਆਂ। ਹੋਰ ਸੂਬਿਆਂ ਵਿੱਚ ਵੀ ਬੱਸਾਂ ਨੂੰ ਚਲਾਉਣ ਲਈ ਪ੍ਰਸਤਾਵ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 16 ਸਤੰਬਰ ਤੋਂ ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਦੀਆਂ ਬੱਸਾਂ ਵੀ ਆਈਐਸਬੀਟੀ-43 ਅਤੇ 17 ਦੇ ਬੱਸ ਅੱਡੇ 'ਤੇ ਰੁਕ ਸਕਣਗੀਆਂ। ਪ੍ਰਸ਼ਾਸਨ ਵੱਲੋਂ ਬੱਸਾਂ ਚਲਾਉਣ ਲਈ ਸਟਾਫ਼ ਤੇ ਲੋਕਾਂ ਲਈ ਕੁਝ ਨਿਯਮ ਵੀ ਤੈਅ ਕੀਤੇ ਹਨ। ਇਨਾਂ ਮੁਤਾਬਕ ਰਾਹ ਵਿੱਚ ਸਵਾਰੀਆਂ ਨੂੰ ਚੜਨ ਅਤੇ ਉਤਰਨ ਦੀ ਆਗਿਆ ਨਹੀਂ ਹੋਵੇਗੀ। ਸਿਰਫ਼ ਆਈਐਸਬੀਟੀ ਸੈਕਟਰ-17 ਤੇ ਸੈਕਟਰ-43 'ਚੋਂ ਹੀ ਸ਼ਹਿਰ ਦੇ ਅੰਦਰ ਸਵਾਰੀਆਂ ਨੂੰ ਬਿਠਾਇਆ ਜਾਵੇਗਾ। ਬੱਸਾਂ ਵਿੱਚ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ 50 ਫੀਸਦੀ ਯਾਤਰੀਆਂ ਨੂੰ ਹੀ ਬੈਠਾਉਣ ਦੀ ਸਹੂਲਤ ਹੋਵੇਗੀ।
ਬੱਸਾਂ ਪੁਆਇੰਟ-ਟੂ-ਪੁਆਇੰਟ ਬੇਸਿਸ 'ਤੇ ਚਲਾਈਆਂ ਜਾਣਗੀਆਂ। ਬੱਸ ਦੀ ਟਿਕਟ ਸੀਟੀਯੂ ਦੀ ਵੈਬਸਾਈਟ, ਮੋਬਾਇਲ ਐਪ ਜਾਂ ਬੱਸ ਦੇ ਅੰਦਰ ਲਈ ਜਾ ਸਕੇਗੀ, ਪਰ ਕਾਊਂਟਰ 'ਤੇ ਟਿਕਟ ਦੀ ਸਹੂਲਤ ਨਹੀਂ ਮਿਲੇਗੀ।
ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ। ਬੱਸਾਂ 'ਚ ਯਾਤਰੀਆਂ ਨੂੰ ਬਿਨਾ ਮਾਸਕ ਦੇ ਚੜਨ ਦੀ ਆਗਿਆ ਨਹੀਂ ਹੋਵੇਗੀ ਅਤੇ ਇਹ ਯਕੀਨੀ ਬਣਾਉਣ ਦੀ ਜ਼ਿੰਮੇਦਾਰੀ ਸਟਾਫ਼ ਦੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਯਾਤਰਾ ਦੇ ਸ਼ੁਰੂ ਹੋਣ 'ਤੇ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਜੂਨ ਮਹੀਨੇ ਵਿੱਚ ਵੀ ਪ੍ਰਸ਼ਾਸਨ ਨੇ ਲੰਬੇ ਰੂਟ ਦੀ ਬੱਸ ਸਰਵਿਸ ਸ਼ੁਰੂ ਕੀਤੀ ਸੀ, ਪਰ ਕੋਰੋਨਾ ਦੇ ਕੇਸ ਵਧਣ ਦੇ ਚਲਦਿਆਂ ਇਸ ਤੋਂ ਤਿੰਨ ਦਿਨ ਬਾਅਦ ਹੀ ਬੱਸਾਂ ਮੁੜ ਬੰਦ ਕਰ ਦਿੱਤੀਆਂ ਸਨ। ਇਸ ਦੌਰਾਨ ਦੂਜੇ ਸੂਬਿਆਂ ਦੀਆਂ ਬੱਸਾਂ ਦੇ ਚੰਡੀਗੜ ਆਉਣ 'ਤੇ ਵੀ ਰੋਕ ਲਾ ਦਿੱਤੀ ਗਈ ਸੀ।
ਚੰਡੀਗੜ ਤੋਂ ਪੰਜਾਬ ਲਈ ਚੱਲਣ ਵਾਲੀਆਂ ਬੱਸਾਂ 'ਚ ਚੰਡੀਗੜ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਮੇਹਤਪੁਰ, ਲੁਧਿਆਣਾ, ਦੀਨਾਨਗਰ ਅਤੇ ਚੰਡੀਗੜ ਤੋਂ ਬਠਿੰਡਾ ਤੱਕ ਚੱਲਣ ਵਾਲੀਆਂ ਬੱਸਾਂ ਸ਼ਾਮਲ ਹਨ।