ਤਰਨਤਾਰਨ : ਕੋੋਰੋਨਾ ਮਹਾਮਾਰੀ ਸਬੰਧੀ ਜ਼ਿਲਾ ਮੈਜਿਸਟ੍ਰੇਟ ਵਲੋਂ ਸਮੂਹ ਵਿਦਿਅਕ ਅਦਾਰੇ ਅਤੇ ਸਿੱਖਿਆ ਕੇਂਦਰਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਦੇ ਹੋਏ ਆਨਲਾਈਨ ਪੜ੍ਹਾਈ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਪ੍ਰੰਤੂ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਇਕ ਆਈਲੈਟ ਅਤੇ ਕੰਪਿਊਟਰ ਸੈਂਟਰ ਵਿਖੇ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਛਿੱਕੇ ਟੰਗ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਇਕੱਠੇ ਕਰ ਪਡ਼੍ਹਾਈ ਕਰਵਾਉਣ ਤਹਿਤ ਪੁਲਿਸ ਨੇ ਛਾਪੇਮਾਰੀ ਕਰਦੇ ਹੋਏ ਮਾਲਕ ਤੇ ਸਟਾਫ ਸਮੇਤ 11 ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਅੰਗਰੇਜ਼ੀ ਸਿਖਾਉਣ ਦਾ ਦਾਅਵਾ ਕਰਨ ਵਾਲੇ ਸੈਂਟਰ ਮਾਲਕ ਨੂੰ ਡੀ. ਸੀ. ਵਲੋਂ ਜਾਰੀ ਹੋਏ ਪੰਜਾਬੀ ਵਾਲੇ ਹੁਕਮ ਨੂੰ ਸਹੀ ਤਰ੍ਹਾਂ ਨਾ ਪੜ੍ਹਨਾ ਕਾਫੀ ਮਹਿੰਗਾ ਪੈ ਗਿਆ।
ਜਾਣਕਾਰੀ ਅਨੁਸਾਰ ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਰੋਮ ਹਾਈਟੈੱਕ ਆਈਲੈਟਸ ਅਤੇ ਕੰਪਿਊਟਰ ਸੈਂਟਰ ਵਿਖੇ ਬੁਧਵਾਰ ਸਵੇਰੇ ਥਾਣਾ ਸਿਟੀ ਦੀ ਪੁਲਿਸ ਵਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਮੌਕੇ 'ਤੇ ਉਕਤ ਸੈਂਟਰ ਅੰਦਰ ਕਰੀਬ 25-30 ਲੜਕੇ ਲੜਕੀਆਂ ਤੋਂ ਇਲਾਵਾ ਕਰੀਬ 10 ਮੈਂਬਰੀ ਸਟਾਫ ਮੌਜੂਦ ਸੀ ਜੋ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕੋਰੋਨਾ ਨੂੰ ਲੈ ਜਾਰੀ ਸਖਤ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਬਜਾਏ ਭੀੜ ਇਕੱਠੀ ਕਰ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਕੰਮ ਕਰਨ 'ਚ ਮਦਦਗਾਰ ਸਾਬਤ ਹੋਏ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਸੈਂਟਰ ਅੰਦਰ ਰੋਜ਼ਾਨਾ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਸਾਰਾ ਦਿਨ ਪੜ੍ਹਾਈ ਕਰਵਾਈ ਜਾਂਦੀ ਹੈ। ਜਿਸ ਦੇ ਚੱਲਦਿਆਂ ਚੌਕੀ ਬੱਸ ਸਟੈਂਡ ਦੀ ਪੁਲਿਸ ਵਲੋਂ ਇਸ ਸੈਂਟਰ ਉੱਪਰ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਬੱਸ ਸਟੈਂਡ ਮੁਖੀ ASI ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਸਖਤ ਹਦਾਇਤਾਂ ਦੇ ਬਾਵਜੂਦ ਉਕਤ ਸੈਂਟਰ ਵਲੋਂ ਵਿਦਿਆਰਥੀਆਂ ਨੂੰ ਇਕੱਠਿਆਂ ਕਰ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਦੇ ਜੁਰਮ ਹੇਠ ਸੈਂਟਰ ਦੇ ਮਾਲਕ ਦਿਲਬਾਗ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗ੍ਰੀਨ ਐਵੀਨਿਊ ਅੰਮ੍ਰਿਤਸਰ ਅਤੇ ਸਟਾਫ ਦੇ 10 ਮੈਂਬਰਾਂ ਵਿਰੁੱਧ ਪਰਚਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।