ਅੰਮ੍ਰਿਤਸਰ : ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਹੋਈ ਬਾਰਿਸ਼ ਕਾਰਨ ਸੁਲਤਾਨਵਿੰਡ ਰੋਡ 'ਤੇ ਗੁਰੂ ਨਾਨਕ ਪੁਰਾ ਆਬਾਦੀ ਦੀ ਗਲੀ ਨੰਬਰ ਦੋ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਤਿੰਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਾਪਤ ਵੇਰਵਿਆਂ ਦੇ ਅਨੁਸਾਰ ਤੜਕੇ ਕਰੀਬ ਢਾਈ ਵਜੇ ਦੇ ਕਰੀਬ ਇਹ ਇਮਾਰਤ ਡਿੱਗੀ ਜਿਸ ਕਾਰਨ ਤਿੰਨ ਵਿਅਕਤੀ ਮਲਬੇ ਹੇਠ ਦੱਬੇ ਗਏ। ਮਲਬੇ ਹੇਠਾਂ ਆ ਕੇ ਮਾਰੇ ਗਏ ਤਿੰਨ ਵਿਅਕਤੀਆਂ 'ਚ ਇੱਕ ਅੱਠ ਸਾਲਾ ਬੱਚੀ ਅਤੇ ਇੱਕ ਪੈਂਤੀ ਸਾਲਾ ਨੌਜਵਾਨ ਤੋਂ ਇਲਾਵਾ ਇੱਕ ਸੱਤਰ-ਪਚੱਤਰ ਸਾਲਾ ਬਜ਼ੁਰਗ ਵੀ ਸ਼ਾਮਲ ਹੈ। ਜ਼ਖਮੀ ਹੋਏ ਕੁਝ ਵਿਅਕਤੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੇਵਾ ਸੰਮਤੀ ਫਾਇਰ ਬ੍ਰਗੇਡ ਢਾਬ ਵਸਤੀ ਰਾਮ, ਨਗਰ ਨਿਗਮ ਪ੍ਰਸ਼ਾਸ਼ਨ ਤੇ ਇਲਾਕੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਰਾਹਤ ਕਾਰਜ ਜਾਰੀ ਹਨ। ਜਦੋਂ ਇਹ ਇਮਾਰਤ ਡਿੱਗੀ ਤਾਂ ਤਿੰਨ ਵਿਅਕਤੀਆਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸੇ ਤਰ੍ਹਾਂ ਸ਼ਹਿਰ ਦੇ ਇੱਕ ਹੋਰ ਇਲਾਕੇ ਬਾਜਾਰ ਕੌੜਿਆਂ ਵਾਲਾ ਲਹੌਰੀ ਗੇਟ ਵਿਖੇ ਵੀ ਬੀਤੀ ਰਾਤ ਇੱਕ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਹੈ।