Tuesday, November 12, 2024
 

ਪੰਜਾਬ

ਦੋ ਹੋਰ ਸਰਕਾਰੀ ਸਕੂਲਾਂ ਦਾ ਨਾਂ ਸ਼ਹੀਦਾਂ ਦੇ ਨਾਂ 'ਤੇ ਰਖਿਆ : ਵਿਜੈ ਇੰਦਰ ਸਿੰਗਲਾ

August 26, 2020 08:43 AM

ਚੰਡੀਗੜ੍ਹ : ਪੰਜਾਬ ਸਕੂਲ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦਸਿਆ ਕਿ ਸੂਬੇ ਦੇ ਵੱਖੋ-ਵੱਖ ਪਿੰਡਾਂ ਨਾਲ ਸਬੰਧਤ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਸਨਮਾਨ ਦੇਣ ਅਤੇ ਉਨ੍ਹਾਂ ਦੀ ਯਾਦ ਸਦੀਵੀ ਬਣਾਈ ਰੱਖਣ ਲਈ ਸਿਖਿਆ ਵਿਭਾਗ ਨੇ 2 ਹੋਰ ਸਰਕਾਰੀ ਸਕੂਲਾਂ ਦਾ ਨਾਂ ਬਦਲਣ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ 8 ਸਰਕਾਰੀ ਸਕੂਲਾਂ ਦਾ ਨਾਮ ਬਦਲ ਦੇ ਸ਼ਹੀਦਾਂ ਦੇ ਨਾਂ 'ਤੇ ਰਖਿਆ ਜਾ ਚੁਕਾ ਹੈ। 

ਹੁਣ ਤਕ ਸੂਬੇ ਦੇ ਵੱਖੋ-ਵੱਖ ਪਿੰਡਾਂ ਨਾਲ ਸਬੰਧਤ 10 ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਂ 'ਤੇ ਰੱਖੇ ਸਕੂਲਾਂ ਦੇ ਨਾਂ : ਸਿਖਿਆ ਮੰਤਰੀ

ਸਿੰਗਲਾ ਨੇ ਦਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਵੀਲ੍ਹਾ ਬੱਜੂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਸ਼ਹੀਦ ਨਾਇਕ ਕੁਲਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਖਿਆ ਜਾ ਰਿਹਾ ਹੈ। ਸ਼ਹੀਦ ਨਾਇਕ ਕੁਲਜਿੰਦਰ ਸਿੰਘ ਨੇ ਸ੍ਰੀਨਗਰ ਵਿਖੇ ਸਾਲ 2005 ਵਿਚ ਦੇਸ਼ ਦੀ ਰਾਖੀ ਕਰਦਿਆਂ ਅਪਣੀ ਜਾਨ ਕੁਰਬਾਨ ਕਰ ਦਿਤੀ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਟਰਾਂ ਵਿਖੇ ਸਰਕਾਰੀ ਮਿਡਲ ਸਕੂਲ ਦਾ ਨਾਂ ਸੁਤੰਤਰਤਾ  ਨਾਨੀ ਸ. ਹਜ਼ੂਰਾ ਸਿੰਘ ਸਰਕਾਰੀ ਮਿਡਲ ਸਕੂਲ ਰਖਿਆ ਗਿਆ ਹੈ, ਜੋ ਸੇਵਾ ਸਿੰਘ ਠੀਕਰੀਵਾਲਾ ਦੀ ਅਗਵਾਈ ਹੇਠ ਚਲ ਰਹੀ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸਨ। ਹਜ਼ੂਰਾ ਸਿੰਘ ਨੇ ਕਿਸਾਨ ਸਭਾ ਦੀ ਵੀ ਅਗਵਾਈ ਕੀਤੀ ਅਤੇ ਦੋ ਵਾਰ, ਡੇਢ ਸਾਲ ਅਤੇ ਦੋ ਸਾਲ ਦੀ ਜੇਲ ਕੱਟੀ। ਸਿੰਗਲਾ ਨੇ ਕਿਹਾ, ''ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ, ਪਿਛਲੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰ ਰਹੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਕੁਸਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਬਦਲ ਕੇ ਪਿੰਡ ਦੇ ਕਾਰਗਿਲ ਯੁੱਧ ਦੇ ਸ਼ਹੀਦ ਦੇ ਨਾਂ 'ਤੇ ਰੱਖਣ ਦਾ ਸਿਰਫ਼ ਐਲਾਨ ਕੀਤਾ ਸੀ ਪਰ ਸਾਡੀ ਸਰਕਾਰ ਨੇ ਹਾਲ ਹੀ ਵਿਚ ਇਸ ਸਕੂਲ ਦਾ ਨਾਂ ਬਦਲਿਆ ਹੈ ਅਤੇ ਇਸ ਸਕੂਲ ਨੂੰ ਸ਼ਹੀਦ ਨਾਇਕ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਦਿਤਾ ਗਿਆ ਹੈ।''
ਕੈਬਨਿਟ ਮੰਤਰੀ ਨੇ ਦਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਸੱਤ ਹੋਰ ਸਕੂਲਾਂ ਦਾ ਨਾਂ ਸ਼ਹੀਦਾਂ ਦੇ ਨਾਂ 'ਤੇ ਰਖਿਆ ਗਿਆ, ਜਿਨ੍ਹਾਂ ਵਿਚ ਪੰਜਾਬ ਦੇ ਚਾਰ ਬਹਾਦਰ ਸਪੂਤ ਸ਼ਾਮਲ ਹਨ, ਜਿਨ੍ਹਾਂ ਨੇ ਗਲਵਾਨ ਘਾਟੀ ਵਿਚ ਚੀਨੀ ਫ਼ੌਜ ਨਾਲ ਨਿਹੱਥੇ ਲੜਦਿਆਂ ਅਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ (ਸੰਗਰੂਰ), ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਸੀਲ (ਪਟਿਆਲਾ), ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਮਿਡਲ ਸਕੂਲ, ਭੋਜਰਾਜ (ਗੁਰਦਾਸਪੁਰ) ਅਤੇ ਸ਼ਹੀਦ ਗੁਰਤੇਜ ਸਿੰਘ ਸਰਕਾਰੀ ਮਿਡਲ ਸਕੂਲ, ਬੀਰੇਵਾਲ ਡੋਗਰਾ (ਮਾਨਸਾ) ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਹੋਰ ਤਿੰਨ ਸਕੂਲ ਸ਼ਹੀਦ ਮਨਿੰਦਰ ਸਿੰਘ ਅੱਤਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀਨਾਨਗਰ (ਗੁਰਦਾਸਪੁਰ), ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ (ਮੋਗਾ) ਅਤੇ ਸ਼ਹੀਦ ਸੁਖਜਿੰਦਰ ਸਿੰਘ ਸਰਕਾਰੀ ਹਾਈ ਸਕੂਲ, ਗੰਡੀਵਿੰਡ ਧੱਤਲ (ਤਰਨ ਤਾਰਨ) ਸ਼ਾਮਲ ਹਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe