ਮੁੰਬਈ : ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਉਨ੍ਹਾਂ ਚਾਰ ਖਿਡਾਰੀਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨ 'ਰਾਜੀਵ ਗਾਂਧੀ ਖੇਲ ਰਤਨ ਅਵਾਰਡ' ਲਈ ਚੁਣਿਆ ਗਿਆ ਹੈ। ਐਵਾਰਡ ਕਮੇਟੀ ਨੇ ਰੋਹਿਤ ਸ਼ਰਮਾ ਦੇ ਨਾਲ ਏਸ਼ੀਅਨ ਖੇਡਾਂ ਦੇ ਸੋਨ ਤਮਗ਼ਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਚੈਂਪੀਅਨ ਮਨੀਕਾ ਬੱਤਰਾ ਅਤੇ ਪੈਰਾਲਿੰਪਿਕ ਸੋਨ ਤਮਗ਼ਾ ਜੇਤੂ ਮਰੀਯੱਪਨ ਥਾਂਗਾਵੇਲੂ ਦੇ ਨਾਵਾਂ ਦੀ ਵੀ ਸਿਫਾਰਸ਼ ਕੀਤੀ ਹੈ। ਰਾਸ਼ਟਰੀ ਖੇਡ ਪੁਰਸਕਾਰਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਪੁਰਸਕਾਰ, ਦ੍ਰੋਣਾਚਾਰੀਆ ਅਵਾਰਡ ਅਤੇ ਧਿਆਨਚੰਦ ਅਵਾਰਡ ਸ਼ਾਮਲ ਹਨ, ਜੋ ਹਰ ਸਾਲ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰੀ ਖੇਡ ਪੁਰਸਕਾਰ ਖੇਡ ਦਿਵਸ (29 ਅਗਸਤ) ਦੇ ਮੌਕੇ ਤੇ ਦਿੱਤੇ ਜਾਂਦੇ ਹਨ, ਜੋ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮਦਿਨ ਹੈ। ਦੱਸ ਦਈਏ ਕਿ ਖੇਲ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਕ੍ਰਿਕਟਰ ਸਚਿਨ ਤੇਂਦੁਲਕਰ ਸੀ, ਜਿਸ ਨੂੰ 1997–1998 'ਚ ਇਹ ਪੁਰਸਕਾਰ ਮਿਲਿਆ ਸੀ। ਇਸ ਤੋਂ ਬਾਅਦ 2007 ਵਿੱਚ ਮਹਿੰਦਰ ਸਿੰਘ ਧੋਨੀ ਅਤੇ 2018 ਵਿੱਚ ਵਿਰਾਟ ਕੋਹਲੀ ਨੇ ਖੇਡ ਰਤਨ ਹਾਸਿਲ ਕੀਤਾ ਸੀ। ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਇਸ ਸਾਲ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਆਨਲਾਈਨ ਆਯੋਜਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਾਰੇ ਵਿਜੇਤਾ 29 ਅਗਸਤ ਨੂੰ ਆਪਣੇ-ਆਪਣੇ ਸਥਾਨਾਂ ਤੋਂ ਲੌਗਇਨ ਕਰਨਗੇ ਅਤੇ ਉਨ੍ਹਾਂ ਦੇ ਨਾਵਾਂ ਦੀ ਘੋਸ਼ਣਾ ਸੁਣਨਗੇ। ਰਾਸ਼ਟਰੀ ਖੇਡ ਪੁਰਸਕਾਰ 29 ਅਗਸਤ ਨੂੰ ਸਪੋਰਟਸ ਡੇਅ ਦੇ ਮੌਕੇ 'ਤੇ ਦਿੱਤੇ ਜਾਂਦੇ ਹਨ, ਜੋ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮਦਿਨ ਹੈ।