ਲੁਧਿਆਣਾ : ਜ਼ਿਲ੍ਹੇ ਦੀ ਐੱਸ. ਟੀ. ਐੱਫ ਰੇਂਜ ਪੁਲਸ ਨੇ ਮੁਖਬਰੀ ਦੇ ਅਧਾਰ 'ਤੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ 2 ਕਾਰ ਸਵਾਰ ਨਸ਼ਾ ਤਸਕਰਾਂ ਨੂੰ 530 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇੱਕ ਦੋਸ਼ੀ ਭੱਜਣ 'ਚ ਕਾਮਯਾਬ ਹੋ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਜਗਤਾਰ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ ਦੀ ਟੀਮ ਨਸ਼ਾ ਤਸਕਰਾਂ ਦੀ ਭਾਲ 'ਚ ਦੁਗਰੀ ਰੋਡ 'ਤੇ ਗਸ਼ਤ ਕਰ ਰਹੀ ਸੀ ਤਾਂ ਏ. ਐੱਸ. ਆਈ ਮੁਹੰਮਦ ਸਦੀਕ ਕੋਲ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ 3 ਵਿਅਕਤੀ ਟਾਟਾ ਨੈਕਸਨ ਕਾਰ 'ਤੇ ਸਵਾਰ ਹੋ ਕੇ ਡੇਹਲੋਂ ਤੋਂ ਲੁਧਿਆਣਾ ਨਸ਼ੇ ਦੀ ਸਪਲਾਈ ਦੇਣ ਆ ਰਹੇ ਹਨ, ਸੂਚਨਾ ਪੱਕੀ ਹੋਣ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਕਾਰ ਸਵਾਰ ਵਿਅਕਤੀਆਂ ਨੂੰ ਜਦ ਰੋਕਿਆ ਗਿਆ ਤਾਂ ਉਨ੍ਹਾਂ 'ਚੋਂ ਇੱਕ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਿਆ ਤੇ ਦੋ ਦੋਸ਼ੀਆਂ ਨੂੰ ਟੀਮ ਨੇ ਕਾਬੂ ਕਰ ਲਿਆ, ਦੋਸ਼ੀਆਂ ਕੋਲੋਂ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ 'ਚ ਲੁਕਾ ਕੇ ਰੱਖੀ 530 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਗਤਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਦਿੱਲੀ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ, ਉਨ੍ਹਾਂ ਕਿਹਾ ਕਿ ਅਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਪੁਲਸ ਵੱਲੋਂ ਬਰਾਮਦ ਕੀਤੀ ਇਹ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ 'ਚ ਕੀਮਤ 2 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।