ਇਸਲਾਮਾਬਾਦ : ਅਫ਼ਗ਼ਾਨਿਸਤਾਨ ਦੀ ਸਰਹੱਦ ਨੇੜੇ ਇਕ ਪਾਕਿਸਤਾਨੀ ਨਗਰ ਦੇ ਬਾਜ਼ਾਰ ਵਿਚ ਸੋਮਵਾਰ ਨੂੰ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਘੱਟੋ ਘਟ ਪੰਜ ਜਣਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਪੁਲਿਸ ਅਨੁਸਾਰ ਇਹ ਧਮਾਕਾ ਬਲੋਚਿਸਤਾਨ ਸੂਬੇ ਦੇ ਚਮਨ ਨਗਰ ਵਿਚ ਹਾਜ਼ੀ ਨਿਦਾ ਬਾਜ਼ਾਰ ਵਿਚ ਹੋਇਆ। ਪੁਲਿਸ ਨੇ ਕਿਹਾ, ''ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।'' ਹਾਲ ਦੇ ਹਫ਼ਤਿਆਂ ਵਿਚ ਪਾਬੰਦੀਸ਼ੁਦਾ ਸੰਗਠਨਾਂ ਦੇ ਅਤਿਵਾਦੀਆਂ ਅਤੇ ਵੱਖਵਾਦੀਆਂ ਨੇ ਹਮਲੇ ਵਧਾ ਦਿਤੇ ਹਨ। ਲੰਘੀ 21 ਜੁਲਾਈ ਨੂੰ ਤੁਰਬਤ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਸਨ।