ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਪਣੇ ਮੁਲਾਜ਼ਮਾਂ ਨੂੰ ਇਨ੍ਹਾਂ ਦੋਹਾਂ ਭਾਸ਼ਾਵਾਂ ਦੇ ਜਾਣਕਾਰ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਾਬਕਾ ਗ੍ਰਹਿ ਮੰਤਰੀ ਨੇ ਚੇਨਈ ਹਵਾਈ ਅੱਡੇ 'ਤੇ ਡੀਐਮਕੇ ਸੰਸਦ ਮੈਂਬਰ ਕਨੀਮੋÂਂ ਦੇ ਹਿੰਦੀ ਵਿਚ ਗੱਲਬਾਤ ਨਾ ਕਰਨ 'ਤੇ ਸੀਆਈਐਸਐਫ਼ ਅਧਿਕਾਰੀ ਦੁਆਰਾ ਕਥਿਤ ਤੌਰ 'ਤੇ ਵਿਵਾਦਤ ਟਿਪਣੀ ਕੀਤੇ ਜਾਣ ਨਾਲ ਜੁੜੇ ਵਿਵਾਦ ਦੇ ਸਬੰਧ ਵਿਚ ਇਹ ਗੱਲ ਕਹੀ। ਚਿਦੰਬਰਮ ਨੇ ਕਿਹਾ ਕਿ ਕਨੀਮੋਈ ਨੂੰ ਚੇਨਈ ਹਵਾਈ ਅੱਡੇ 'ਤੇ ਜਿਸ ਮਾੜੇ ਅਨੁਭਵ ਦਾ ਸਾਹਮਣਾ ਕਰਨਾ ਪਿਆ, ਉਹ ਕੋਈ ਆਮ ਗੱਲ ਨਹੀਂ। ਉਨ੍ਹਾਂ ਕਿਹਾ, 'ਕੇਂਦਰ ਸਰਕਾਰ ਦੇ ਅਹੁਦਿਆਂ 'ਤੇ ਭਰਤੀ ਹੋਣ ਵਾਲੇ ਗ਼ੈਰ-ਹਿੰਦੀ ਭਾਸ਼ੀ ਮੁਲਾਜ਼ਮਾਂ ਨੂੰ ਛੇਤੀ ਹੀ ਕੰਮਕਾਜ ਅਤੇ ਬੋਲਚਾਲ ਦੇ ਲਾਇਕ ਹਿੰਦੀ ਸਿੱਖਣੀ ਪੈਂਦੀ ਹੈ। ਹਿੰਦੀ ਭਾਸ਼ੀ ਮੁਲਾਜ਼ਮਾਂ ਕੰਮਕਾਜ ਅਤੇ ਬੋਲਚਾਲ ਜੋਗੀ ਅੰਗਰੇਜ਼ੀ ਕਿਉਂ ਨਹੀਂ ਸਿੱਖ ਸਕਦੇ? ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਨੂੰ ਭਾਰਤ ਦੀ ਅਧਿਕਾਰਤ ਭਾਸ਼ਾ ਬਣਾਉਣ ਪ੍ਰਤੀ ਵਚਨਬੱਧ ਹੈ ਤਾਂ ਫਿਰ ਉਸ ਨੂੰ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਦੇ ਜਾਣਕਾਰ ਹੋਣ। ਕਨੀਮੋਈ ਨੇ ਕਲ ਟਵਿਟਰ 'ਤੇ ਕਿਹਾ ਸੀ, 'ਹਵਾਈ ਅੱਡੇ 'ਤੇ ਜਦ ਮੈਂ ਸੀਆਈਐਸਐਫ਼ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਤਮਿਲ ਜਾਂ ਅੰਗਰੇਜ਼ੀ ਵਿਚ ਬੋਲਣ ਕਿਉਂਕਿ ਮੈਂ ਹਿੰਦੀ ਨਹੀਂ ਜਾਣਦੀ ਤਾਂ ਉਸ ਨੇ ਸਵਾਲ ਕੀਤਾ ਕਿ ਕੀ 'ਮੈਂ ਭਾਰਤੀ ਹਾਂ।' ਇਸ ਘਟਨਾ 'ਤੇ ਸੀਆਈਐਸਐਫ਼ ਨੇ ਕਿਹਾ ਕਿ ਢੁਕਵੀਂ ਕਾਰਵਾਈ ਕੀਤੀ ਜਾਵੇਗੀ।