ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਸਿਆ ਕਿ ਜਾਂਚ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। 84 ਸਾਲਾ ਮੁਖਰਜੀ ਨੇ ਬੀਤੇ ਇਕ ਹਫ਼ਤੇ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਅਹਿਤਿਆਤ ਵਜੋਂ ਕੋਰੋਨਾ ਵਾਇਰਸ ਦਾ ਟੈਸਟ ਕਰਾਉਣ ਦੀ ਸਲਾਹ ਦਿਤੀ ਹੈ। ਉਨ੍ਹਾਂ ਟਵਿਟਰ 'ਤੇ ਕਿਹਾ, 'ਹੋਰ ਕਾਰਨਾਂ ਕਰ ਕੇ ਹਸਪਤਾਲ ਗਿਆ ਸੀ ਪਰ ਅੱਜ ਕੋਵਿਡ-19 ਜਾਂਚ ਦੀ ਰੀਪੋਰਟ ਪਾਜ਼ੇਟਿਵ ਆਈ ਹੈ।' ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਲ 2012 ਤੋਂ 2017 ਤਕ ਦੇਸ਼ ਦੇ ਰਾਸ਼ਟਰਪਤੀ ਰਹੇ ਮੁਖਰਜੀ ਨੇ ਕਿਹਾ, 'ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਲੋਕ ਬੀਤੇ ਇਕ ਹਫ਼ਤੇ ਵਿਚ ਮੇਰੇ ਸੰਪਰਕ ਵਿਚ ਆਏ ਹਨ, ਖ਼ੁਦ ਨੂੰ ਇਕਾਂਤਵਾਸ ਵਿਚ ਕਰ ਲੈਣ ਅਤੇ ਅਪਣੀ ਜਾਂਚ ਕਰਾਉਣ।' ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਸਣੇ ਹੋਰ ਪਾਰਟੀਆਂ ਦੇ ਆਗੂਆਂ ਨੇ ਮੁਖਰਜੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਕਾਂਗਰਸ ਨੇ ਅਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਕਿਹਾ, 'ਅਸੀਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।' ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਛੇਤੀ ਸਿਹਤਯਾਬੀ ਦੀ ਅਰਦਾਸ ਕੀਤੀ ਹੈ।