ਹੁਸ਼ਿਆਰਪੁਰ : ਥਾਣਾ ਬੁਲੋਵਾਲ ਅਧੀਨ ਪੈਂਦੇ ਪਿੰਡ ਚੱਕੋਵਾਲ 'ਚ ਕਰੀਬ 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਨ ਕਰਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਰੂਪ 'ਚ ਹੋਈ ਹੈ। ਉਕਤ ਵਾਰਦਾਤ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਕਰਨਦੀਪ ਸਿੰਘ ਕਿਸੇ ਵਿਆਹ ਪਾਰਟੀ ਸਮਾਗਮ 'ਚੋਂ ਹੋ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਨੌਜਵਾਨ ਘਰ ਨੇੜੇ ਪਹੁੰਚਿਆ ਤਾਂ ਪਿੰਡ ਦੇ ਹੀ ਕੁਝ ਲੋਕ ਅਤੇ ਕੁਝ ਬਾਹਰੋਂ ਆਏ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਦੌਰਾਨ ਕਰਨਦੀਪ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਪਹੁੰਚੇ ਕਰਨਦੀਪ ਦੇ ਪਰਿਵਾਰ ਸਣੇ ਪਿੰਡ ਦੇ ਲੋਕ ਉਸ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਕਰਨਦੀਪ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੁੱਲੋਵਾਲ 'ਚ ਤਾਇਨਾਤ ਐੱਸ. ਐੱਚ. ਓ. ਅਜਮੇਰ ਸਿੰਘ ਪੁਲਿਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਤਾਲ ਪੋਸਟਮਾਰਟਮ ਲਈ ਭੇਜੀ।
ਚੱਕੋਵਾਲ ਸ਼ੇਖਾਂ ਪਿੰਡ 'ਚ ਕਤਲ ਦਾ ਸ਼ਿਕਾਰ ਹੋਏ ਕਰਨਦੀਪ ਦੇ ਚਾਚਾ ਅਤੇ ਪਰਿਵਾਰ ਨੇ ਦੋਸ਼ ਲਗਾਏ ਕਿ ਕਰਨਦੀਪ ਦੇ ਕਤਲ 'ਚ ਸ਼ਾਮਲ ਲੋਕ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਪਹਿਲਾਂ ਕਰਨਦੀਪ ਨੂੰ ਵਿਆਹ 'ਚ ਸ਼ਾਮਲ ਹੋਣ ਲਈ ਬਾਹਰ ਲਿਜਾਇਆ ਗਿਆ। ਵਿਆਹ ਤੋਂ ਵਾਪਸ ਆਉਂਦੇ ਸਮੇਂ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਮੁਲਜ਼ਮਾਂ ਨੇ ਘਰ ਦੇ ਨੇੜੇ ਪਹੁੰਚਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪਰਿਵਾਰ ਮੁਤਾਬਕ ਹਮਲੇ ਦਾ ਕਾਰਨ ਤਾਲਾਬੰਦੀ 'ਚ ਹੋਈ ਮਾਮੂਲੀ ਗੱਲ ਨੂੰ ਲੈ ਕੇ ਰੰਜਿਸ਼ ਦੱਸੀ ਜਾ ਰਹੀ ਹੈ। ਕਰਨਦੀਪ ਦੇ ਪਿਤਾ ਦੇ ਬਿਆਨ 'ਤੇ ਕੁੱਲ 8 ਮੁਲਜ਼ਮਾਂ ਖ਼ਿਲਾਫ਼ ਧਾਰਾ 302 ਦੇ ਨਾਲ 148 ਅਤੇ 149 ਦੇ ਅਧੀਨ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਪੁਲਿਸ ਮੁਤਾਬਕ ਜਲਦੀ ਹੀ ਕਤਲ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।