ਨਵੀਂ ਦਿੱਲੀ, (ਏਜੰਸੀ) : ਟਿਕ ਟਾਕ ਐਪ ਦੀ ਭਾਰਤ ਵਿਚ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰ ਨੇ ਗੂਗਲ ਅਤੇ ਐਪਲ ਦੋਹਾਂ ਨੂੰ ਅਪਣੇ ਪਲੇਅ ਸਟੋਰ ਤੋਂ ਇਸ ਚੀਨੀ ਸ਼ਾਰਟ ਵੀਡੀਓ ਮੋਬਾਈਲ ਐਪ ਨੂੰ ਹਟਾਉਣ ਦੇ ਆਦੇਸ਼ ਦਿਤੇ ਹਨ। ਇਹ ਕਦਮ ਇਲੈਕਟ੍ਰੋਨਿਕਸ ਐਂਡ ਇਨਫ਼ਾਰਮੇਸ਼ਨ ਟੈਕਨਾਲੋਜੀ ਮੰਤਰਾਲਾ ਨੇ ਚੁੱਕਿਆ ਹੈ। ਮੰਤਰਾਲਾ ਨੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਤੋਂ ਬਾਅਦ ਕਦਮ ਚੁੱਕਿਆ ਜਿਸ ਵਿਚ ਅਦਾਲਤ ਨੇ ਮਦਰਾਸ ਹਾਈ ਕੋਰਟ ਦੇ ਫ਼ੈਸਲੇ 'ਤੇ ਸਟੇ ਲਗਾਉਣ ਤੋਂ ਇਨਕਾਰ ਕਰ ਦਿਤਾ ਸੀ।
ਮਾਮਲੇ ਦੀ ਸੁਣਵਾਈ 22 ਅਪ੍ਰੈਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮਨਿਸਟਰੀ ਆਫ਼ ਇਲੈਕਟ੍ਰਾਨਿਕਸ ਐਂਡ ਇਨਫ਼ਾਰਮੇਸ਼ਨ ਟੈਕਨਾਲੋਜੀ ਦਾ ਆਦੇਸ਼ ਇਸ ਐਪ ਦੇ ਹੋਰ ਡਾਊਨਲੋਡਸ ਨੂੰ ਰੋਕਣ ਵਿਚ ਮਦਦ ਕਰੇਗਾ ਪਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਟਿਕ ਟਾਕ ਐਪ ਨੂੰ ਡਾਊਨਲੋਡ ਕਰ ਲਿਆ ਹੈ, ਉਹ ਅਪਣੇ ਸਮਾਰਟਫ਼ੋਨ 'ਤੇ ਇਸ ਦਾ ਇਸਤੇਮਾਲ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ 3 ਅਪ੍ਰੈਲ ਨੂੰ ਇਕ ਆਰਡਰ ਪਾਸ ਕਰ ਕੇ ਸਰਕਾਰ ਨੂੰ ਨਿਰਦੇਸ਼ ਦਿਤਾ ਸੀ ਕਿ ਟਿਕ ਟਾਕ ਐਪ ਦੇ ਡਾਊਨਲੋਡਸ ਨੂੰ ਰੋਕਿਆ ਜਾਵੇ। ਕੋਰਟ ਨੇ ਕਿਹਾ ਸੀ ਕਿ ਇਹ ਚਾਈਨੀਜ਼ ਐਪ ਬੱਚਿਆਂ ਲਈ ਖ਼ਤਰਨਾਕ ਹੈ। ਪਿਛਲੇ ਇਕ ਸਾਲ ਵਿਚ ਟਿਕ ਟਾਕ ਐਪ ਕਾਫ਼ੀ ਮਸ਼ਹੂਰ ਹੋਈ ਹੈ। ਦੁਨੀਆਂ ਭਰ ਵਿਚ ਲਗਭਗ 100 ਕਰੋੜ ਤੋਂ ਵੱਧ ਵਾਰ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਚੁੱਕਾ ਹੈ।