ਬਠਿੰਡਾ : ਸਥਾਨਕ ਪਿੰਡ ਪੂਹਲਾ ਵਿਖੇ ਘਰ 'ਚ ਸੁੱਤੇ 60 ਸਾਲਾ ਕਿਸਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲਾਂ ਨੇ ਉਸ ਦਾ ਮੂੰਹ ਤੇ ਗੁਪਤ ਅੰਗ ਵੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਨਥਾਣਾ ਦੀ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲੈ ਗਈ । ਮ੍ਰਿਤਕ ਦੇ ਵੱਡੇ ਭਰਾ ਸ਼ਰਨਦੀਪ ਸਿੰਘ ਅਨੁਸਾਰ ਉਸ ਦੇ ਭਰਾ ਕੋਲ ਪਿੰਡ ਪੂਹਲਾ ਵਿਚ ਖੇਤੀਯੋਗ ਕਰੀਬ 20 ਏਕੜ ਜ਼ਮੀਨ ਸੀ । ਉਹ ਆਪਣੇ ਪਿੰਡ ਤੋਂ ਦੋ ਦਿਨ ਪਹਿਲਾਂ ਹੀ ਪੂਹਲਾ ਆਇਆ ਸੀ । ਐਤਵਾਰ ਰਾਤ ਉਹ ਆਪਣੇ ਨਾਨਕੇ ਘਰ, ਵਿਹੜੇ ਵਿਚ ਇਕੱਲਾ ਸੁੱਤਾ ਹੋਇਆ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ । ਸੋਮਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਚਾਹ ਦੇਣ ਪਹੁੰਚੇ ਤਾਂ ਇਸ ਘਟਨਾ ਦਾ ਪਤਾ ਲੱਗਾ, ਜਿਸ ਮਗਰੋਂ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ 'ਤੇ ਕਤਲ ਦਾ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।