ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਸਮਾਜਿਕ ਦੂਰੀ ਕਾਇਮ ਰਹੇ, ਮਾਸਕ ਲਾਜ਼ਮੀ ਪਹਿਨਿਆ ਜਾਵੇ ਅਤੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦਾ ਵੈੱਬਕਾਸਟ ਯਕੀਨੀ ਬਣਾਇਆ ਜਾਵੇ। ਗ੍ਰਹਿ ਮੰਤਰਾਲੇ ਨੇ ਅੱਜ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਕੋਵਿਡ-19 ਦੇ ਯੋਧਿਆਂ ਜਿਵੇਂ ਡਾਕਟਰਾਂ, ਸਿਹਤ ਤੇ ਸਫ਼ਾਈ ਕਰਮਚਾਰੀਆਂ ਨੂੰ ਲਾਜ਼ਮੀ ਤੌਰ ’ਤੇ ਸੱਦਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਲੋਕ ਇਸ ਬਿਮਾਰੀ ਤੋਂ ਉੱਭਰ ਚੁੱਕੇ ਹਨ ਉਨ੍ਹਾਂ ਨੂੰ ਵੀ ਲਾਜ਼ਮੀ ਤੌਰ ’ਤੇ ਸੱਦਿਆ ਜਾਵੇ। ਐਡਵਾਈਜ਼ਰੀ ’ਚ ਕਿਹਾ ਗਿਆ ਹੈ, ‘ਸਾਰੇ ਸਮਾਗਮ ਇਸ ਤਰ੍ਹਾਂ ਕਰਵਾਏ ਜਾਣੇ ਚਾਹੀਦੇ ਹਨ ਕਿ ਵੱਡੀ ਗਿਣਤੀ ’ਚ ਲੋਕ ਇਕੱਠੇ ਨਾ ਹੋਣ ਤੇ ਸਮਾਗਮਾਂ ਲਈ ਤਕਨੀਕ ਵੀ ਸਰਵੋਤਮ ਢੰਗ ਨਾਲ ਵਰਤੋਂ ਕੀਤੀ ਜਾਵੇ।’ ਸਮਾਗਮਾਂ ਦਾ ਵੈੱਬਕਾਸਟ ਕੀਤਾ ਜਾਵੇ ਤਾਂ ਜੋ ਇਹ ਉਨ੍ਹਾਂ ਲੋਕਾਂ ਤੱਕ ਵੀ ਪਹੁੰਚੇ ਜੋ ਇਨ੍ਹਾਂ ’ਚ ਹਿੱਸਾ ਨਹੀਂ ਲੈ ਪੈਣਗੇ। ਮੰਤਰਾਲੇ ਨੇ ਕਿਹਾ ਕਿ ਦਿੱਲੀ ਦੇ ਲਾਲ ਕਿਲੇ ’ਚ ਹੋਣ ਵਾਲੇ ਸਮਾਗਮ ’ਚ ਦਿੱਲੀ ਪੁਲੀਸ ਤੇ ਹਥਿਆਰਬੰਦ ਦਸਤਿਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਣਾ, ਕੌਮੀ ਝੰਡਾ ਲਹਿਰਾਉਣਾ ਤੇ 21 ਬੰਦੂਕਾਂ ਦੀ ਸਲਾਮੀ, ਪ੍ਰਧਾਨ ਮੰਤਰੀ ਦਾ ਭਾਸ਼ਣ ਤੇ ਭਾਸ਼ਣ ਤੋਂ ਤੁਰੰਤ ਬਾਅਦ ਰਾਸ਼ਟਰੀ ਗਾਣ ਗਾਣਾ ਅਤੇ ਅਖੀਰ ’ਚ ਤਿਰੰਗੇ ਗੁਬਾਰੇ ਅਸਮਾਨ ’ਚ ਛੱਡਣੇ ਸ਼ਾਮਲ ਹੋਣਗੇ। ਐਟ ਹੋਮ ਸਮਾਗਮ ਰਾਸ਼ਟਰਪਤੀ ਭਵਨ ’ਚ ਹੋਵੇਗਾ। ਇਸੇ ਤਰ੍ਹਾਂ ਗ੍ਰਹਿ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੱਖ ਵੱਖ ਪੱਧਰ ’ਤੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦਿੱਲੀ ਦੇ ਇਤਿਹਾਸਕ ਲਾਲ ਕਿਲੇ ’ਚ ਸੱਦੇ ਜਾਣ ਵਾਲੇ ਮਹਿਮਾਨਾਂ ਦੀ ਸੂਚੀ ਇਸ ਵਾਰ ਛੋਟੀ ਹੋਵੇਗੀ ਤੇ ਸਕੂਲੀ ਬੱਚਿਆਂ ਦੇ ਸਮਾਗਮ ਵੀ ਰੱਦ ਕਰ ਦਿੱਤੇ ਗਏ ਹਨ।