ਲਾਹੌਰ, 29 ਜੂਨ : ਪਾਕਿਸਤਾਨ ਨੇ ਸੋਮਵਾਰ ਨੂੰ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਕਰਤਾਰਪੁਰ ਲਾਂਘਾ ਫਿਰ ਤੋਂ ਖੋਲ੍ਹ ਦਿਤਾ ਹੈ। ਇਸ ਲਾਂਘੇ ਨੂੰ ਕੋਵਿਡ-19 ਮਹਾਂਮਾਰੀ ਕਾਰਨ ਅਸਥਾਈ ਰੂਪ ਨਾਲ ਬੰਦ ਕਰ ਦਿਤਾ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਲਾਂਘਾ ਖੋਲ੍ਹ ਦਿਤਾ ਹੈ ਪਰ ਕੋਈ ਕੀ ਭਾਰਤੀ ਤੀਰਥ ਯਾਤਰੀ ਗੁਰਦੁਆਰਾ ਸਾਹਿਬ ਨਹੀਂ ਆਇਆ। ਭਾਰਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਯਾਤਰਾ ਅਤੇ ਪੰਜੀਕਰਨ ਨੂੰ ਅਸਥਾਈ ਰੂਪ ਵਿਚ ਮੁਲਤਵੀ ਕਰ ਦਿਤਾ ਸੀ। ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ (ETPB) ਦੇ ਉਪ ਨਿਰਦੇਸ਼ਕ ਇਮਰਾਨ ਖ਼ਾਨ ਨੇ ਦਸਿਆ, ''ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਅੱਜ ਫਿਰ ਤੋਂ ਖੋਲ੍ਹ ਦਿਤਾ। ਹਾਲਾਂਕਿ ਕਿਸੇ ਵੀ ਭਾਰਤੀ ਤੀਰਥ ਯਾਤਰੀ ਨੇ ਯਾਤਰਾ ਨਹੀਂ ਕੀਤੀ।'' ਉਨ੍ਹਾਂ ਨੇ ਦਸਿਆ ਕਿ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਚ 'ਵਿਸ਼ੇਸ਼ ਅਰਦਾਸ' ਕੀਤੀ ਗਈ। ਉਨ੍ਹਾਂ ਕਿਹਾ, ''ਪਾਕਿਸਤਾਨ ਅਤੇ ਭਾਰਤ ਦੇ ਸ਼ਰਧਾਲੂਆਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਦਰਬਾਰ ਸਾਹਿਬ ਜਾਣ ਦੀ ਪ੍ਰਵਾਨਗੀ ਦਿਤੀ ਗਈ ਹੈ। ਈਟੀਪੀਬੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।'' ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪਾਕਿਸਤਾਨ ਸਿੱਖ ਸੰਗਤਾਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਫਿਰ ਤੋਂ ਖੋਲ੍ਹ ਸਕਦਾ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿਤੀ ਹੈ।