ਜਲੰਧਰ : ਹਵਾਲਾਤ ਵਿਚ ਬੰਦ ਮੁਲਜ਼ਮਾਂ ਕਾਰਣ ਪੁਲਿਸ ਫੋਰਸ ਵਿਚ ਫੈਲ ਰਹੇ ਕੋਵਿਡ-19 ਨੂੰ ਰੋਕਣ ਲਈ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ । ਸਾਵਧਾਨੀ ਵਜੋਂ ਪਹਿਲੀ ਵਾਰ ਕਿਸੇ ਵੀ ਕੇਸ ਵਿਚ ਗ੍ਰਿਫਤਾਰ ਮੁਲਜ਼ਮ ਸਪੈਸ਼ਲ ਸੈੱਲ ਜਾਂ ਫਿਰ ਥਾਣੇ ਦੀ ਹਵਾਲਾਤ ਵਿਚ ਨਹੀਂ, ਸਗੋਂ ਸਿਵਲ ਹਸਪਤਾਲ ਵਿਚ ਨਵੇਂ ਬਣਾਏ ਗਏ ਵਾਰਡ ਵਿਚ ਰੱਖੇ ਜਾਣਗੇ। ਇਹ ਨਿਯਮ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਹਾਲ ਹੀ ਵਿਚ ਥਾਣਾ 4, CIA ਸਟਾਫ (ਕਮਿਸ਼ਨਰੇਟ ਅਤੇ ਦਿਹਾਤੀ), ਥਾਣਾ ਬਸਤੀ ਬਾਵਾ ਖੇਲ ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕ੍ਰਿਮੀਨਲ ਕੇਸਾਂ ਵਿਚ ਮੁਲਜ਼ਮ ਫੜੇ ਸਨ ਜੋ ਕੋਰੋਨਾ ਪਾਜ਼ੇਟਿਵ ਸਨ ਅਤੇ ਇਸ ਕਾਰਣ ਪੁਲਿਸ ਮੁਲਾਜ਼ਮਾਂ ਵਿਚ ਕੋਰੋਨਾ ਫੈਲ ਰਿਹਾ ਸੀ। ਇੰਨਾ ਹੀ ਨਹੀਂ, ਥਾਣਾ ਨੰਬਰ 4 ਨੂੰ ਬੰਦ ਵੀ ਕਰਵਾਉਣਾ ਪਿਆ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਕੋਰੋਨਾ ਦੇ ਖੌਫ ਵਿਚ ਸਨ। ਅਜਿਹੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਲਈ ਤੈਅ ਕੀਤਾ ਗਿਆ ਕਿ ਕਿਸੇ ਵੀ ਕੇਸ ਵਿਚ ਫੜੇ ਗਏ ਮੁਲਜ਼ਮ ਦੀ ਗ੍ਰਿਫਤਾਰੀ ਪਾਉਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿਚ ਬਣਾਏ ਗਏ ਪ੍ਰੋਵੀਜ਼ਨਲ ਵਾਰਡ ਵਿਚ ਰੱਖਿਆ ਜਾਵੇਗਾ। ਵਾਰਡ ਵਿਚ ਭੇਜਣ ਤੋਂ ਪਹਿਲਾਂ ਮੁਲਜ਼ਮ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਰਿਪੋਰਟ ਆਉਣ ਤੱਕ ਸਾਰੇ ਮੁਲਜ਼ਮ ਇਸੇ ਵਾਰਡ ਵਿਚ ਰਹਿਣਗੇ। ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਮੁਲਜ਼ਮਾਂ ਦਾ ਰਿਮਾਂਡ ਲਿਆ ਜਾ ਸਕੇਗਾ, ਨਹੀਂ ਤਾਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਜਾਵੇਗਾ। ਜੇਕਰ ਕੋਈ ਮੁਲਜ਼ਮ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰ ਦਿੱਤਾ ਜਾਵੇਗਾ। ਵਾਰਡ ਵਿਚ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਜਵਾਨਾਂ ਦੀ ਤਾਇਨਾਤੀ ਵੀ ਹੋਵੇਗੀ, ਜਦਕਿ ਵਾਰਡ ਵਿਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਕਿ ਪਾਜ਼ੇਟਿਵ ਮਰੀਜ਼ ਕਾਰਣ ਕੋਈ ਹੋਰ ਮੁਲਜ਼ਮ ਕੋਰੋਨਾ ਦੀ ਲਪੇਟ ਵਿਚ ਨਾ ਆ ਜਾਵੇ।