ਜ਼ੀਰਕਪੁਰ, (ਸੱਚੀ ਕਲਮ ਬਿਊਰੋ) : ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ 'ਤੇ ਇਕ ਬਹੁ-ਮੰਜ਼ਲਾ ਇਮਾਰਤ ਦੀ 5ਵੀਂ ਮੰਜ਼ਲ 'ਤੇ ਫ਼ਲੈਟ ਦੀ ਬਾਲਕੋਨੀ ਤੋਂ ਡਿੱਗਣ ਨਾਲ ਅੱਜ ਇਕ ਵਿਆਹੁਤਾ ਔਰਤ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਸਾਊਥ ਸਿਟੀ ਵਾਸੀ ਸ਼ਾਲਿਨੀ ਸ਼ਰਮਾ (35) ਪਤਨੀ ਰੋਚਕ ਸ਼ਰਮਾ ਇਥੇ ਟਾਵਰ ਨੰਬਰ 3 ਪੰਜਵੀਂ ਮੰਜ਼ਲ 'ਤੇ 510 ਨੰਬਰ ਫਲੈਟ ਵਿਚ ਅਪਣੇ ਦੋ ਬੱਚਿਆਂ ਅਤੇ ਪਤੀ ਨਾਲ ਰਹਿੰਦੀ ਸੀ ਅਤੇ ਉਹ ਘਰੇਲੂ ਔਰਤ ਸੀ, ਜੋ ਬੀ.ਡੀ.ਐੱਸ.ਸੀ ਅਤੇ ਬੱਚੇ ਹੋਣ ਤੋਂ ਪਹਿਲਾਂ ਦੰਦਾਂ ਦੀ ਡਾਕਟਰ ਸੀ ਪਰ ਬੱਚੇ ਛੋਟੇ ਹੋਣ ਕਾਰਨ ਨੌਕਰੀ ਛੱਡ ਕੇ ਬੱਚੇ ਅਤੇ ਘਰ ਸੰਭਾਲ ਰਹੀ ਸੀ। ਅੱਜ ਸ਼ਾਲਿਨੀ ਸ਼ਰਮਾ ਪੰਜਵੀ ਮੰਜ਼ਲ 'ਤੇ ਫਲੈਟ ਦੀ ਬਾਲਕੋਨੀ ਵਿਚ ਸਟੂਲ ਲਗਾ ਕੇ ਸਾਫ਼ ਸਫ਼ਾਈ ਕਰ ਰਹੀ ਸੀ। ਇਸ ਦੌਰਾਨ ਉਸ ਨੇ ਦੀਵਾਲੀ ਸਮੇਂ ਲਗਾਈਆਂ ਗਈਆਂ ਲਾਈਟਾਂ ਨੂੰ ਉਤਾਰਣ ਦੀ ਕੋਸ਼ਿਸ਼ ਕਰ ਰਹੀ ਸੀ। ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਪਹਿਲੀ ਮੰਜ਼ਲ ਦੇ ਗਰੀਨ ਸਪੇਸ ਏਰਿਆ ਵਿਚ ਡਿੱਗ ਗਈ। ਉਸ ਦੇ ਪਤੀ ਰੋਚਕ ਸ਼ਰਮਾ ਨੇ ਉਸ ਨੂੰ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਸ਼ਾਲਿਨੀ ਸ਼ਰਮਾ ਦੇ ਭਰਾ ਅਤੇ ਪਤੀ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਸ਼ਾਲਿਨੀ ਦਾ ਸ਼ਾਮ ਨੂੰ ਬਿਸ਼ਨਪੁਰਾ ਸਮਸ਼ਾਨਘਾਟ ਵਿਚ ਸਸਕਾਰ ਕਰ ਦਿਤਾ।