ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਯੋਗ ਦੀ ਲੋੜ ਪਹਿਲਾਂ ਮੁਕਾਬਲੇ ਕਿਤੇ ਜ਼ਿਆਦਾ ਮਹਿਸੂਸ ਹੋ ਰਹੀ ਹੈ ਅਤੇ ਇਹ ਪੁਰਾਣੀ ਭਾਰਤੀ ਰਵਾਇਤ ਦੁਨੀਆਂ ਭਰ ਵਿਚ ਕਾਫ਼ੀ ਗਿਣਤੀ ਵਿਚ ਕੋਵਿਡ-19 ਰੋਗੀਆਂ ਨੂੰ ਇਸ ਬੀਮਾਰੀ ਨੂੰ ਹਰਾਉਣ ਵਿਚ ਮਦਦ ਕਰ ਰਹੀ ਹੈ। ਮੋਦੀ ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅਪਣੇ ਸੁਨੇਹੇ ਵਿਚ ਕਿਹਾ ਕਿ ਕੋਵਿਡ-19 ਵਿਸ਼ੇਸ਼ ਰੂਪ ਵਿਚ ਸਾਡੇ ਸਾਹ ਤੰਤਰ 'ਤੇ ਹਮਲਾ ਕਰਦਾ ਹੈ ਅਤੇ ਸਾਹ ਤੰਤਰ 'ਪ੍ਰਾਣਾਯਾਮ' ਜਾਂ ਸਾਹ ਲੈਣ ਸਬੰਧੀ ਕਸਰਤ ਨਾਲ ਮਜ਼ਬੂਤ ਹੁੰਦਾ ਹੈ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਦੇਸ਼ ਭਰ ਵਿਚ ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਜ਼ਰੀਏ ਅਪਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਏਕਤਾ ਦੀ ਤਾਕਤ ਦੇ ਰੂਪ ਵਿਚ ਉਭਰਿਆ ਹੈ ਅਤੇ ਇਹ ਨਸਲ, ਰੰਗ, ਲਿੰਗ, ਸ਼ਰਧਾ ਅਤੇ ਕੌਮਾਂ ਦੇ ਆਧਾਰ 'ਤੇ ਭੇਦਭਾਵ ਨਹੀਂ ਕਰਦਾ। ਉਨ੍ਹਾਂ ਕਿਹਾ, 'ਯੋਗ ਸਿਹਤਮੰਦ ਘਰ ਦੀ ਸਾਡੀ ਚਾਹ ਵਧਾਉਂਦਾ ਹੈ। ਇਹ ਏਕਤਾ ਲਈ ਇਕ ਸ਼ਕਤੀ ਦੇ ਰੂਪ ਵਿਚ ਉਭਰਿਆ ਹੈ ਅਤੇ ਮਾਨਵਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਭੇਦਭਾਵ ਨਹੀਂ ਕਰਦਾ। ਯੋਗ ਨੂੰ ਕੋਈ ਵੀ ਅਪਣਾ ਸਕਦਾ ਹੈ।' ਐਤਵਾਰ ਸਵੇਰੇ ਲਗਭਗ 15 ਮਿੰਟਾਂ ਦੇ ਅਪਣੇ ਭਾਸ਼ਨ ਵਿਚ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆਂ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਯੋਗ ਦੀ ਲੋੜ ਨੂੰ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ, 'ਜੇ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੈ ਤਾਂ ਇਸ ਨਾਲ ਇਸ ਬੀਮਾਰੀ ਨੂੰ ਹਰਾਉਣ ਵਿਚ ਕਾਫ਼ੀ ਮਦਦ ਮਿਲਦੀ ਹੈ। ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਯੋਗ ਵਿਚ ਕਈ ਆਸਣ ਹਨ। ਇਹ ਆਸਣ ਸਰੀਰ ਦੀ ਤਾਕਤ ਨੂੰ ਵਧਾਉਂਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਕਰਦੇ ਹਨ।' ਪ੍ਰਾਣਾਯਾਮ ਦੇ ਲਾਭ ਦਸਦਿਆਂ ਮੋਦੀ ਨੇ ਕਿਹਾ ਕਿ ਇਹ ਬਹੁਤ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਇਹ ਕਈ ਤਰ੍ਹਾਂ ਦੇ ਹਨ ਜਿਨ੍ਹਾਂ ਵਿਚ ਕਈ ਆਸਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਯੋਗ ਨੂੰ ਅਪਣਾ ਸਕਦਾ ਹੈ ਅਤੇ ਇਸ ਲਈ ਥੋੜਾ ਸਮਾਂ ਅਤੇ ਥੋੜੀ ਥਾਂ ਚਾਹੀਦੀ ਹੈ।