ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਾਲ ਦੀ ਘੜੀ ਇਕਾਂਤਵਾਸ ਵਿਚ ਹਨ। ਉਨ੍ਹਾਂ ਦੀ ਪਾਰਟੀ ਵਿਚ ਮੁੜ ਵਾਪਸੀ ਦੀ ਚਰਚਾ ਜਜ਼ੋਰਾਂ 'ਤੇ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਛੇਤੀ ਹੀ ਮੁੜ ਸਰਗਰਮ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਪਾਰਟੀ ਵਲੋਂ ਇੰਚਾਰਜ ਅਤੇ ਹਿਮਾਚਲ ਕਾਂਗਰਸ ਦੀ ਨੇਤਾ ਆਸ਼ਾ ਕੁਮਾਰੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਵੀ ਹੋਈ ਹੈ ਜਿਸ ਦੌਰਾਨ ਕੁਮਾਰੀ ਨੇ ਸਿੱਧੂ ਬਾਰੇ ਹਾਈਕਮਾਨ ਦਾ ਰੁਖ ਸਪੱਸ਼ਟ ਕੀਤਾ ਹੈ।
ਪਾਰਟੀ ਵਿਚ ਮੁੜ ਸਰਗਰਮ ਹੋਣ ਲਈ ਸਿੱਧੂ ਘੱਟ ਤੋਂ ਘੱਟ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦ ਕਰ ਰਹੇ ਹਨ ਪਰ ਪਾਰਟੀ ਭਾਈਵਾਲਾਂ ਦੀ ਸਹਿਮਤੀ ਘੱਟ ਹੀ ਦਿਖਾਈ ਦੇ ਰਹੀ ਹੈ। ਪਾਰਟੀ ਦੇ ਵੱਖ-ਵੱਖ ਵਰਗਾਂ ਦੇ ਨੇਤਾਵਾਂ ਦਾ ਮਤ ਹੈ ਕਿ ਮੁੱਖ ਮੰਤਰੀ ਦੇ ਨਾਂਲ ਨਾਲ ਉਪ ਮੁੱਖ ਮੰਤਰੀ ਦਾ ਅਹੁਦਾ 'ਜੱਟ' ਪਿਛੋਕੜ ਵਾਲੇ ਨੇਤਾ ਨੂੰ ਦੇਣਾ ਭਾਈਚਾਰਕ ਅੜਿੱਕਾ ਪੈਦਾ ਕਰ ਸਕਦਾ ਹੈ। ਏਨਾ ਹੀ ਨਹੀਂ ਖਬਰਾਂ ਅਨੁਸਾਰ ਉਹ ਹਾਈਕਮਾਨ ਕੋਲ ਇਹ ਮੁੱਦਾ ਸਹੀ ਸਾਬਤ ਕਰਨ ਵਿਚ ਕਾਫੀ ਹੱਦ ਤਕ ਕਾਮਯਾਬ ਵੀ ਰਹੇ ਹਨ। ਅਜਿਹੀ ਗੰਭੀਰ ਸਥਿਤੀ ਵਿਚ ਕੈਪਟਨ ਨੇ ਸਿੱਧੂ ਨੂੰ ਉਨ੍ਹਾਂ ਦਾ ਅਹੁਦਾ ਮੁੜ ਨਿਵਾਜਨ ਲਈ ਸਹਿਮਤੀ ਪ੍ਰਗਟ ਕੀਤੀ ਹੈ ਪਰ ਉਪ ਮੁੱਖ ਮੰਤਰੀ ਦੀ ਥਾਂ ਸਿੱੰਧੂ ਨੂੰ ਹੁਣ ਕੈਬਨਿਟ ਮੰਤਰੀ ਵਜੋਂ ਮੁੜ ਪੁਰਾਣੇ ਮਹਿਕਮੇ ਸਣੇ ਬਹਾਲ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਅਗਵਾਈ ਸੌਂਪਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਬਤੌਰ ਮੁੱਖ ਮੰਤਰੀ ਜਾਣ ਦੀ ਸ਼ੰਕਾ ਨੇ ਹੀ ਉਨ੍ਹਾਂ ਦੀ ਪਾਰਟੀ ਵਿਚ ਵਾਪਸੀ ਦੀ ਇਹ ਸਥਿਤੀ ਪੈਦਾ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਵਲੋਂ ਕੌਮੀ ਪੱਧਰ 'ਤੇ ਵਿਢੀ ਮੁਹਿੰਮ 'ਸਪੀਕਅਪ ਇੰਡੀਆ' ਡਿਜੀਟਲ ਪ੍ਰੋਗਰਾਮ ਵਿਚ ਪ੍ਰਵਾਸੀ ਭਾਰਤੀਆਂ ਦੇ ਰੂ-ਬਰੂ ਹੋਣ ਤੋਂ ਪਹਿਲਾਂ ਸਿੱਧੂ ਅਤੇ ਕੈਪਟਨ ਵਲੋਂ ਗੱਲਬਾਤ ਕਰ ਕੇ ਸਥਿਤੀ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਨ ਦੀਆਂ ਕਿਆਸਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਦਾ ਵੱਡਾ ਕਾਰਨ ਸਿੱਧੂ ਦੀ ਹਰਮਨਪਿਆਰਤਾ ਹੈ। ਆਗਾਂਮੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਹੁਣ ਅਪਣੇ ਪਰਿਵਾਰ ਦੀ ਰੁੱਸੇ ਜੀਆਂ ਨੂੰ ਮਨਾਉਣ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ।