ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਹੁਣ ਕਰਜ਼ਾ ਮੁਕਤ ਕੰਪਨੀ ਬਣ ਗਈ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਰਾਈਟਸ ਇਸ਼ੂ ਅਤੇ ਗਲੋਬਲ ਨਿਵੇਸ਼ਕਾਂ ਤੋਂ ਰੀਕਾਰਡ 1.69 ਲੱਖ ਕਰੋੜ ਰੁਪਏ ਇਕੱਠੇ ਕਰਨ ਤੋਂ ਬਾਅਦ ਕੰਪਨੀ ਦਾ ਸ਼ੁਧ ਕਰਜ਼ਾ ਜ਼ੀਰੋ ਤੇ ਆ ਗਿਆ ਹੈ। ਮੁਕੇਸ਼ ਅੰਬਾਨੀ ਨੇ ਕਿਹਾ, ਮੈਂ ਕੰਪਨੀ ਦੇ ਹਿੱਸੇਦਾਰਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਰਿਲਾਇੰਸ ਦਾ ਸ਼ੁਧ ਕਰਜ਼ਾ 31 ਮਾਰਚ 2021 ਦੇ ਨਿਰਧਾਰਤ ਸਮੇਂ ਤੋਂ ਬਹੁਤ ਪਹਿਲਾਂ ਸਿਫ਼ਰ ਹੋ ਗਿਆ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਪਿਛਲੇ 58 ਦਿਨਾਂ ਵਿਚ ਰਿਲਾਇੰਸ ਇੰਡਸਟਰੀਜ਼ ਨੇ ਗਲੋਬਲ ਨਿਵੇਸ਼ਕਾਂ ਤੋਂ 1.15 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ ਅਪਣੇ ਜੀਉ ਪਲੇਟਫ਼ਾਰਮਸ ਲਿਮਟਿਡ ਵਿਚ ਹਿੱਸੇਦਾਰੀ ਵੇਚ ਕੇ ਇਹ ਰਕਮ ਇਕੱਠੀ ਕੀਤੀ ਹੈ। ਇਸ ਨਾਲ ਹੀ ਰਿਲਾਇੰਸ ਇੰਡਸਟਰੀਜ਼ ਨੇ ਰਾਈਟਸ ਇਸ਼ੂ ਜਾਰੀ ਕਰ ਕੇ 53, 124.20 ਕਰੋੜ ਰੁਪਏ ਇਕੱਠੇ ਕੀਤੇ ਹਨ। ਰਿਲਾਇੰਸ ਇੰਡਸਟਰੀਜ਼ ਵਲੋਂ ਜਾਰੀ ਬਿਆਨ ਅਨੁਸਾਰ ਪਿਛਲੇ ਸਾਲ ਈਂਧਣ ਦੇ ਕਾਰੋਬਾਰ ਵਿਚ 49 ਫ਼ੀ ਸਦੀ ਹਿੱਸੇਦਾਰੀ ਯੂਕੇ ਦੀ ਬੀਪੀ ਨੂੰ 7, 000 ਕਰੋੜ ਰੁਪਏ ਵਿਚ ਵੇਚਣ ਅਤੇ ਹੁਣੇ ਜਿਹੇ ਹਾਸਲ ਕੀਤੇ ਨਿਵੇਸ਼ ਨਾਲ ਕੰਪਨੀ ਨੇ ਕੁਲ 1.75 ਲੱਖ ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਜ਼ਿਕਰਯੋਗ ਹੈ ਕਿ 31 ਮਾਰਚ 2020 ਦੇ ਅੰਤ ਤਕ ਰਿਲਾਇੰਸ ਦੇ ਸਿਰ 1, 61, 035 ਕਰੋੜ ਰੁਪਏ ਦਾ ਕਰਜ਼ਾ ਸੀ। ਕੰਪਨੀ ਨੇ 31 ਮਾਰਚ 2021 ਤਕ ਇਸ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਸੀ। ਪਿਛਲੇ ਦਿਨਾਂ ਵਿਚ ਬਹੁਤ ਸਾਰੀਆਂ ਗਲੋਬਲ ਕੰਪਨੀਆਂ ਨੇ ਟੈਲੀਕਾਮ ਕੰਪਨੀ ਰਿਲਾਇੰਸ ਜੀਉ ਵਿਚ ਨਿਵੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ ਵਿਚ ਫੇਸਬੁੱਕ, ਸਿਲਵਰ ਲੇਕ, ਵਿਸਟਾ ਇਕੁਇਟੀ ਪਾਰਟਨਰਸ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਲਾ, ਏਡੀਆਈਏ, ਟੀਪੀਜੀ, ਅਲ ਕੈਟਰਟਨ ਅਤੇ ਪੀਆਈਐਫ਼ ਸ਼ਾਮਲ ਹਨ।