ਮਾਨਸਾ : ਲੱਦਾਖ 'ਚ ਚੀਨੀ ਫੌਜ ਨਾਲ ਹੋਈ ਝੜਪ ਵਿਚ ਸ਼ਹੀਦ ਹੋਏ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਦਾ ਉਨ੍ਹਾਂ ਦੇ ਪਿੰਡ ਬੀਰੇਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਫ਼ੌਜ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਿਆਸੀ ਅਤੇ ਸਮਾਜਿਕ ਆਗੂਆਂ ਸਣੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਜਿਵੇਂ ਹੀ ਸ਼ਹੀਦ ਦੀ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਦੇ ਵੈਣ ਨਿਕਲ ਗਏ। ਭਾਵੇਂ ਇਸ ਮੌਕੇ ਹਰ ਕਿਸੇ ਦੀ ਅੱਖ ਨਮ ਸੀ ਪਰ ਦੇਸ਼ ਦਾ ਹਰ ਵਿਅਕਤੀ ਹਰ ਨਾਗਰਿਕ ਆਪਣੇ ਸ਼ਹੀਦਾਂ ਦੀ ਸ਼ਹਾਦਤ 'ਤੇ ਮਾਣ ਕਰ ਰਿਹਾ ਹੈ। ਬਾਅਦ ਦੁਪਹਿਰ ਸ਼ਹੀਦ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਲੇਹ ਤੋਂ ਮੋਹਾਲੀ ਪਹੁੰਚੀ ਅਤੇ ਬਾਅਦ ਵਿਚ ਸੜਕੀ ਮਾਰਗ ਰਾਹੀਂ ਉਨ੍ਹਾਂ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ। ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਵੱਡੀ ਗਿਣਤੀ ਵਿਚ ਲੋਕ ਸ਼ਹੀਦ ਦੀ ਅੰਤਿਮ ਯਾਤਰਾ ਵਿਚ ਆ ਜੁੜੇ ਅਤੇ ਸ਼ਹੀਦ ਲਈ ਨਾਅਰੇ ਲਗਾਏ। ਇਸ ਤੋਂ ਬਾਅਦ ਸ਼ਾਮ 5.30 ਵਜੇ ਫ਼ੌਜੀ ਸਨਮਾਨਾਂ ਨਾਲ ਸ਼ਹੀਦ ਗੁਰਤੇਜ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਨੂੰ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਭਾਰਤ ਦੇ ੲ੨੦ ਜਵਾਨ ਸ਼ਹੀਦ ਹੋਏ ਗਏ ਸਨ। ਜਿਨ੍ਹਾਂ ਵਿਚ ਪੰਜਾਬ ਦੇ ੪ ਜਵਾਨ ਸ਼ਾਮਲ ਹਨ।