ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਬਿਮਾਰੀ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਘੱਟ ਤੋਂ ਘੱੱਟ ਬਾਹਰ ਨਿਕਲਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜੋ 5 ਲੋਕ ਪਾਜੀਟਿਵ ਆਏ ਹਨ, ਉਨਾਂ ਵਿਚ 4 ਪੁਲਿਸ ਮੁਲਾਜ਼ਮ ਹਨ, ਅਤੇ ਇਕ ਵਿਅਕਤੀ ਫਰੀਦਾਬਾਦ ਤੋਂ ਪਰਤਿਆ ਸੀ। ਫਰੀਦਾਬਾਦ ਤੋਂ ਪਰਤਿਆ ਸਖ਼ਸ ਆਪਣੇ ਘਰ ਵਿਚ ਇਕਾਂਤਵਾਸ ਵਿਚ ਸੀ ਅਤੇ ਆਪਣੇ ਕੰਮ ਵਾਲੀ ਥਾਂ ਨਹੀਂ ਗਿਆ ਸੀ। ਪੰਜਾਂ ਵਿਚੋਂ ਤਿੰਨ ਪੁਰਸ਼ ਅਤੇ 2 ਔਰਤਾਂ ਹਨ ਅਤੇ ਸਾਰੇ ਬਾਲਗ ਹਨ। ਇਸ ਸਬੰਧੀ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ 4 ਪੁਲਿਸ ਮੁਲਾਜਮਾਂ ਦੇ ਕੋਰੋਨਾ ਪਾਜਿਟਿਵ ਆਉਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਸਾਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ। ਜਿਸ ਤਹਿਤ ਲਗਭਗ 4 ਦਰਜਨ ਪੁਲਿਸ ਕਰਮਚਾਰੀਆਂ ਨੂੰ ਇਕਾਂਤਵਾਸ ਵਿਚ ਭੇਜਿਆ ਜਾ ਰਿਹਾ ਹੈ। ਮਹਿਲਾ ਥਾਣੇ ਦੇ ਸਾਰੇ ਸਟਾਫ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਅਤੇ ਥਾਣੇ ਨੂੰ ਸੈਨੇਟਾਈਜ ਕੀਤਾ ਜਾਵੇਗਾ।
ਇੱਥੇ ਨਵੇਂ ਐਸਐਚਓ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਚਾਰਾਂ ਵਿਚੋਂ ਇਕ ਮੁਲਾਜਮ ਇਸ ਥਾਣੇ ਤੋਂ ਸੀ। ਇਸੇ ਤਰਾਂ ਇਕ ਮੁਲਾਜਮ ਵਰਧਮਾਨ ਚੌਕੀ ਨਾਲ ਸਬੰਧਤ ਸੀ ਜਿਸ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦ ਕਿ ਕੈਂਟ ਅਤੇ ਸਿਵਲ ਲਾਈਨ ਥਾਣੇ ਦਾ ਇਕ ਇਕ ਮੁਲਾਜਮ ਪਿੱਛਲੇ ਦਿਨੀ ਥਾਣੇ ਤੋਂ ਬਾਹਰ ਡਿਊਟੀ ਤੇ ਸੀ ਅਤੇ ਥਾਣੇ ਨਹੀਂ ਗਿਆ ਹੈ। ਫਿਰ ਵੀ ਇੰਨਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।