ਨਵੀਂ ਦਿੱਲੀ: ਸਸਤੀ ਅਤੇ ਹਰ ਥਾਂ ਮਿਲਣ ਵਾਲੀ ਦਵਾਈ ਡੇਕਸਾਮੇਥਾਸੋਨ ਕੋਰੋਨਾ ਵਾਇਰਸ ਤੋਂ ਪੀੜਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦ ਕਰ ਸਕਦੀ ਹੈ। ਬ੍ਰਿਟੇਨ ਦੇ ਮਾਹਰਾਂ ਦਾ ਮੰਨਣਾ ਹੈ ਕਿ ਘੱਟ ਮਾਤਰਾ ਵਿਚ ਇਸ ਦਵਾਈ ਦੀ ਵਰਤੋਂ ਕੋਰੋਨਾ ਵਿਰੁਧ ਜੰਗ ਵਿਚ ਵੱਡੀ ਕਾਮਯਾਬੀ ਵਾਂਗ ਸਾਹਮਣੇ ਆਈ ਹੈ।
ਜਿਹੜੇ ਮਰੀਜ਼ਾਂ ਨੂੰ ਗੰਭੀਰ ਬੀਮਾਰ ਹੋਣ ਕਾਰਨ ਵੈਂਟੀਲੇਟਰ ਦਾ ਸਹਾਰਾ ਲੈਣਾ ਪੈ ਰਿਹਾ ਹੈ, ਉਨ੍ਹਾਂ ਦੇ ਮਰਨ ਦਾ ਜੋਖਮ ਲਗਭਗ ਇਕ ਤਿਹਾਈ ਇਸ ਦਵਾਈ ਦੀ ਵਰਤੋਂ ਨਾਲ ਘੱਟ ਹੋ ਜਾਂਦਾ ਹੈ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ, ਉਨ੍ਹਾਂ ਵਿਚ ਪੰਜਵੇਂ ਹਿੱਸੇ ਦੇ ਬਰਾਬਰ ਮਰਨ ਦਾ ਜੋਖਮ ਘੱਟ ਹੋ ਜਾਂਦਾ ਹੈ। ਇਹ ਦਵਾਈ 1960 ਦੇ ਦਹਾਕੇ ਤੋਂ ਗਠੀਆ ਅਤੇ ਅਸਥਮਾ ਦੇ ਇਲਾਜ ਵਿਚ ਵਰਤੀ ਜਾ ਰਹੀ ਹੈ। ਕੋਰੋਨਾ ਦੇ ਜਿਹੜੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਪੈ ਰਹੀ ਹੈ, ਉਨ੍ਹਾਂ ਵਿਚੋਂ ਅੱਧਿਆਂ ਦੀ ਮੌਤ ਹੋ ਰਹੀ ਹੈ, ਇਸ ਲਈ ਇਸ ਦਵਾਈ ਨੂੰ ਮਰਨ ਦਾ ਜੋਖਮ ਇਕ ਤਿਹਾਈ ਤਕ ਘੱਟ ਕਰ ਦੇਣ ਵਾਲੀ ਮੰਨਿਆ ਜਾ ਰਿਹਾ ਹੈ। ਮਾਹਰਾਂ ਮੁਤਾਬਕ ਜੇ ਇਹ ਦਵਾਈ ਇੰਗਲੈਂਡ ਵਿਚ ਸ਼ੁਰੂਆਤੀ ਦੌਰ ਵਿਚ ਵਰਤੀ ਜਾਂਦੀ ਤਾਂ ਲਗਭਗ ਪੰਜ ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।