ਜਲੰਧਰ 'ਚ ਕੋਰੋਨਾ ਨੇ ਲਈ ਇਕ ਜਾਨ, 32 ਨਵੇਂ ਮਾਮਲੇ
ਜਲੰਧਰ : ਮੰਗਲਵਾਰ ਦਾ ਦਿਨ ਜਲੰਧਰ ਲਈ ਚਿੰਤਾਜਨਕ ਦਿਨ ਰਿਹਾ। ਜਲੰਧਰ ਵਿਚ ਮੰਗਲਵਾਰ ਸਵੇਰੇ ਇਕ ਦੀ ਮੌਤ ਹੋਈ, ਜਦਕਿ ਕੋਰੋਨਾ ਦੇ 32 ਨਵੇਂ ਕੇਸ ਸਾਹਮਣੇ ਆਏ ਹਨ। ਜਲੰਧਰ ਵਿਚ ਪਹਿਲੀ ਵਾਰ ਕੋਰੋਨਾ ਦੇ ਇੰਨੇ ਕੇਸ ਸਾਹਮਣੇ ਆਏ ਹਨ। ਜਲੰਧਰ ਦੇ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਅੱਜ ਸਾਹਮਣੇ ਆਏ 32 ਮਾਮਲਿਆਂ ਵਿਚੋਂ ਵਧੇਰੇ ਕੇਸ ਪੁਲਿਸ ਮੁਲਾਜ਼ਮਾਂ ਨਾਲ ਸਬੰਧਤ ਹਨ। ਜਲੰਧਰ ਪੀਏਪੀ ਦੇ 5 ਜਵਾਨ ਕੋਰੋਨਾ ਪਾਜ਼ੇਟਿਵ ਆਏ ਹਨ ਜਦਕਿ ਦੋ ਹੋਰ ਪੁਲਿਸ ਮੁਲਾਜ਼ਮ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਰੰਧਾਵਾ ਮਸੰਦ, ਟਾਂਡਾ ਰੋਡ, ਨਿਊ ਜਵਾਹਰ ਨਗਰ, ਗਾਂਧੀ ਕੈਂਪ, ਰਾਜਾ ਗਾਰਡਨ, ਗਦਾਈਪੁਰ, ਅਟਾਰੀ ਬਾਜ਼ਾਰ, ਸਵਰਨਾ ਪਾਰਕ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਰਾਏਪੁਰ-ਰਸੂਲਪੁਰ, ਪਿੰਡ ਖਾਮੂਵਾਲ, ਸ਼ਾਹਕੋਟ, ਪਿੰਡ ਸ਼ੇਖੇ, ਪਿੰਡ ਪਚਰੰਗਾ, ਨਿਊ ਜਵਾਲਾ ਨਗਰ, ਮਕਸੂਦਾਂ, ਸੰਤੋਖਪੁਰਾ, ਰਾਜਾ ਗਾਰਡਨ, ਹਰਦੇਵ ਨਗਰ, ਪਿੰਡ ਰੰਧਾਵਾ ਮਸੰਦਾ, ਸੁਭਾਸ਼ ਨਗਰ, ਗਾਂਧੀ ਨਗਰ, ਸੰਜੇ ਗਾਂਧੀ ਨਗਰ, ਇੰਡਸਟਰੀ ਏਰੀਆ, ਬਿਆਸ ਪਿੰਡ, ਦਿਓਲ ਨਗਰ, ਅਮਨ ਗਾਰਡਨ ਅਤੇ ਵੱਡਾ ਸਾਈਪੁਰ ਉਹ ਖੇਤਰ ਹਨ ਜਿਥੇ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਖੇਤਰ ਆਉਣ ਵਾਲੇ ਸਮੇਂ ਵਿਚ ਕੰਟੇਨਮੈਂਟ ਜ਼ੋਨ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ।
ਮਲੇਰਕੋਟਲਾ 'ਚ ਹੋਈ ਚੌਥੀ ਮੌਤ
ਮਲੇਰਕੋਟਲਾ ਵਿਖੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਇਲਾਕਾ ਸਰਹੰਦੀ ਗੇਟ ਨੇੜੇਲੇ ਮੁਹੱਲਾ ਅਰਾਈਆ ਵਾਲਾ ਦੇ ਰਹਿਣ ਵਾਲੇ ਪੀ.ਆਰ.ਟੀ.ਸੀ ਦੇ ਰਿਟਾਇਰਡ ਜਰਨਲ ਮੇਨੈਜਰ ਰਿਜ਼ਵਾਨ ਫਾਰੂਕੀ (60) ਨੇ ਵੀ ਅੱਜ ਸੰਗਰੂਰ ਨੇੜੇ ਪਿੰਡ ਘਾਬਦਾਂ ਵਿਖੇ ਬਣਾਏ ਆਈਸੋਲੇਸ਼ਨ ਸੈਂਟਰ ਵਿਖੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਹਨ। ਇਸ ਤੋਂ ਪਹਿਲਾਂ ਮਾਲੇਰਕੋਟਲਾ ਨਾਲ ਸਬੰਧਤ ਇਸੇ ਮਹਾਂਮਾਰੀ ਕਾਰਨ ਮੁਹੰਮਦ ਬਸ਼ੀਰ, ਬਿਮਲਾ ਦੇਵੀ ਅਤੇ ਨਸੀਰ ਅਹਿਮਦ ਦੀ ਮੌਤ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਕਾਰਨ ਹੋਈਆਂ 5 ਮੌਤਾਂ 'ਚੋਂ 4 ਇੱਕਲੇ ਮਲੇਰਕੋਟਲਾ ਤਹਿਸੀਲ ਦੀਆਂ ਹਨ। ਸ਼ਹਿਰ ਨੂੰ ਸੀਲ ਕਰਨ ਦੀਆਂ ਚਲ ਰਹੀਆਂ ਚਰਚਾਵਾਂ ਬਾਰੇ ਜਦੋਂ ਸਥਾਨਕ SDM ਸ੍ਰੀ ਵਿਕਰਮਜੀਤ ਸਿੰਘ ਪੈਂਥੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਬਿਨਾਂ ਮਾਸਕ ਅਤੇ ਹੋਰ ਉਲੰਘਣਾਵਾਂ ਪਾਏ ਲੋਕਾਂ ਦੇ ਜਿਥੇ ਚਲਾਨ ਕੀਤੇ ਜਾ ਰਹੇ ਹਨ ਉਥੇ ਹੀ ਜਿਨ੍ਹਾਂ ਇਲਾਕਿਆਂ 'ਚ ਇਸ ਦੇ ਵੱਧ ਕੇਸ ਹਨ ਉਨ੍ਹਾਂ ਦੇ ਕੰਨਟੇਨਮੈਟ ਜ਼ੋਨ ਬਣਾ ਕੇ ਸੀਲ ਕੀਤਾ ਜਾਣਾ ਜ਼ਰੂਰੀ ਅਤੇ ਸਖ਼ਤੀ ਕਰਨਾ ਸਮੇਂ ਦੀ ਜ਼ਰੂਰਤ ਹੈ।
ਪਟਿਆਲਾ 'ਚ 10 ਨਵੇਂ ਕੇਸ
ਜ਼ਿਲ੍ਹੇ ਵਿਚ 10 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਲਈ ਪੈਂਡਿੰਗ 1124 ਸੈਂਪਲਾਂ ਵਿਚੋਂ 217 ਸੈਂਪਲਾਂ ਦੀਆਂ ਪ੍ਰਾਪਤ ਹੋਈਆਂ ਰੀਪੋਰਟਾਂ ਵਿਚੋਂ 206 ਨੈਗੇਟਿਵ ਅਤੇ 11 ਕੋਵਿਡ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਦੇਰ ਰਾਤ ਰੀਪੋਰਟ ਹੋਏ ਸਨ, ਜਿਨ੍ਹਾਂ ਵਿਚੋਂ ਇਕ ਪਾਜ਼ੇਟਿਵ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹੈ, ਬਾਕੀ ਸੈਂਪਲਾਂ ਦੀ ਰੀਪੋਰਟ ਆਉਣੀ ਬਾਕੀ ਹੈ। ਪਾਜ਼ੇਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉੁਨ੍ਹਾਂ ਦਸਿਆ ਕਿ ਕਿ ਪਾਜ਼ੇਟਿਵ ਆਏ ਕੇਸਾਂ ਵਿਚੋਂ ਤਿੰਨ ਬਾਹਰੀ ਰਾਜ ਤੋਂ ਆਉਣ, ਤਿੰਨ ਪਾਜ਼ੇਟਿਵ ਕੇਸ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹਨ। ਏਰੀਏ ਵਾਈਜ 6 ਪਟਿਆਲਾ ਸ਼ਹਿਰ, 2 ਬਲਾਕ ਭਾਦਸੋਂ, ਇਕ ਰਾਜਪੁਰਾ ਅਤੇ ਇਕ ਨਾਭਾ ਨਾਲ ਸਬੰਧਤ ਹਨ।
ਫ਼ਿਰੋਜ਼ਪੁਰ 'ਚ ਦੋ ਨਵੇਂ ਕੋਰੋਨਾ ਪੀੜਤ
ਜ਼ਿਲ੍ਹੇ ਦੇ ਕਸਬਾ ਮਖੂ ਨੇੜਲੇ ਪਿੰਡ ਸੂਦਾਂ ਦੇ ਪੰਜਾਬ ਪੁਲਿਸ ਜਵਾਨ ਅਨਮੋਲ ਸਿੰਘ ਪੁੱਤਰ ਕਲਗਾ ਸਿੰਘ ਅਤੇ ਕਸਬਾ ਮੱਲਾਂਵਾਲਾ ਦੇ 33 ਸਾਲਾ ਜਤਿੰਦਰ ਸਿੰਘ ਪੁੱਤਰ ਲਛਮਣ ਦਾਸ ਦੀਆਂ ਕੋਰੋਨਾ ਰੀਪੋਰਟਾਂ ਪਾਜ਼ੇਟਿਵ ਆਉਣ ਨਾਲ ਹੁਣ ਜ਼ਿਲ੍ਹੇ ਨਾਲ ਸਬੰਧਤ ਐਕਟਿਵ ਕੇਸਾਂ ਦੀ ਗਿਣਤੀ ਪੰਜ ਹੋ ਗਈ ਹੈ। ਮੱਲਾਂਵਾਲਾ ਵਾਸੀ ਵਿਅਕਤੀ ਕੁੱਝ ਦਿਨ ਪਹਿਲਾਂ ਹੀ ਦਿੱਲੀ 'ਤੋਂ ਵਾਪਸ ਮੁੜਿਆ ਸੀ ਅਤੇ 15 ਜੂਨ ਨੂੰ ਉਸ ਦੀ ਮਖੂ ਸ਼ਹਿਰ 'ਚ ਆਮਦ ਦਰਜ ਹੋਣ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਸੂਦਾਂ ਵਾਸੀ ਨੌਜਵਾਨ ਕੁੱਝ ਦਿਨ ਪਹਿਲਾਂ ਹੀ ਪਰਵਾਰ ਨੂੰ ਮਿਲ ਕੇ ਵਾਪਸ ਡਿਊਟੀ 'ਤੇ ਗਿਆ ਸੀ। ਉਪ ਮੰਡਲ ਮਜਿਸਟਰੇਟ ਜ਼ੀਰਾ ਸਰਦਾਰ ਰਣਜੀਤ ਸਿੰਘ ਨੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਦਸਿਆ ਉਕਤ ਵਿਅਕਤੀਆਂ ਨਾਲ ਸੰਪਰਕ 'ਚ ਆਏ ਲੋਕਾਂ ਬਾਬਤ ਪਤਾ ਲਗਾਇਆ ਜਾ ਰਿਹਾ ਹੈ। ਸੂਦਾਂ ਵਾਸੀ ਪੁਲੀਸ ਜਵਾਨ ਨੂੰ ਜਲੰਧਰ ਅਤੇ ਮੱਲਾਂਵਾਲਾ ਵਾਸੀ ਮਰੀਜ਼ ਨੂੰ ਫਿਰੋਜਪੁਰ ਦੇ ਆਈਸੋਲੇਸ਼ਨ ਵਾਰਡਾਂ 'ਚ ਭਰਤੀ ਕਰਵਾ ਦਿਤਾ ਗਿਆ ਹੈ।
ਖੰਨਾ 'ਚ ਦੋ ਨਵੇਂ ਕੇਸ
ਖੰਨਾ 'ਚ ਅੱਜ ਕੋਰੋਨਾ ਪਾਜ਼ੇਟਿਵ ਦੇ ਦੋ ਨਵੇਂ ਕੇਸ ਆਉਣ ਮਗਰੋ ਉਨ੍ਹਾਂ ਵਿਚੋਂ ਇਕ ਨੂੰ ਸਿਵਲ ਹਸਪਤਾਲ ਖੰਨਾ ਅਤੇ ਦੂਸਰੇ ਨੂੰ ਲੁਧਿਆਣਾ ਵਿਖੇ ਆਈਸੋਲੇਟ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਖੰਨਾ ਦੇ ਐਸਐਮਓ ਰਜਿੰਦਰ ਗੁਲਾਟੀ ਨੇ ਦਸਿਆ ਹੈ ਕਿ ਕੋਰੋਨਾ ਪਾਜ਼ੇਟਿਵ ਪਹਿਲਾ ਵਿਅਕਤੀ ਸਮਰਾਲਾ ਤਹਿਸੀਲ ਨਾਲ ਸਬੰਧਤ ਹੈ ਜਿਸ ਦੀ ਉਮਰ 40 ਸਾਲ ਹੈ ਜਦਕਿ ਖੰਨਾ ਸ਼ਹਿਰ ਦਾ ਇਕ ਹੋਰ 34 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ।
ਫ਼ਾਜ਼ਿਲਕਾ 'ਚ ਤਿੰਨ ਜਣੇ ਕੋਰੋਨਾ ਪਾਜ਼ੇਟਿਵ
ਫ਼ਾਜ਼ਿਲਕਾ 'ਚ ਦੋ ਸਕੇ ਭਰਾਵਾਂ ਸਮੇਤ ਪਰਵਾਰ ਦੇ ਤਿੰਨ ਮੈਂਬਰਾਂ ਦੀ ਕੋਰੋਨਾ ਰੀਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਪੂਰੇ ਮੁਹੱਲੇ ਨੂੰ ਸੀਲ ਕਰ ਦਿਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਾਜ਼ਿਲਕਾ ਸੀ.ਐਮ. ਕਟਾਰੀਆ ਨੇ ਦਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਕੋਲ ਇਕ ਪਰਵਾਰ ਦੇ ਤਿੰਨ ਮੈਂਬਰ ਟੈਸਟ ਕਰਵਾਉਣ ਲਈ ਪੁੱਜੇ ਸਨ, ਜਿਨ੍ਹਾਂ ਦੀਆਂ ਰੀਪੋਰਟਾਂ ਅੱਜ ਪਾਜ਼ੇਟਿਵ ਆਈਆਂ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਆਈਸੋਲੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਤਿੰਨ ਪਾਜ਼ੇਟਿਵ ਮਾਮਲਿਆਂ ਦੇ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 6 ਹੋ ਗਈ ਹੈ।